ਦੂਜਾ ਸੈਮੀਫਾਈਨਲ 16 ਨਵੰਬਰ ਨੂੰ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਰੋਜ਼ਾ ਕ੍ਰਿਕਟ ਵਰਲਡ ਕੱਪ ਦੇ ਮੈਚ ਇਨ੍ਹੀਂ ਦਿਨੀ ਭਾਰਤ ਵਿਚ ਖੇਡੇ ਜਾ ਰਹੇ ਹਨ। ਭਾਰਤ ਨੇ ਹੁਣ ਤੱਕ 9 ਲੀਗ ਮੈਚ ਖੇਡੇ ਹਨ ਅਤੇ ਸਾਰੇ 9 ਮੈਚਾਂ ਵਿਚ ਹੀ ਜਿੱਤ ਹਾਸਲ ਕੀਤੀ ਹੈ। ਇਸਦੇ ਚੱਲਦਿਆਂ ਭਾਰਤ ਅੰਕਾਂ ਦੀ ਵਾਲੀ ਸੂਚੀ ਵਿਚ ਸਿਖਰ ’ਤੇ ਹੈ। ਕ੍ਰਿਕਟ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਚਾਰ ਟੀਮਾਂ ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਆਸਟਰੇਲੀਆ ਪਹੁੰਚੀਆਂ ਹਨ। ਭਲਕੇ 15 ਨਵੰਬਰ ਦਿਨ ਬੁੱਧਵਾਰ ਨੂੰ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਪਹਿਲਾ ਸੈਮੀਫਾਈਨਲ ਮੁਕਾਬਲਾ ਵਾਨਖੇੜੇ ਸਟੇਡੀਅਮ ਮੁੰਬਈ ਵਿਚ ਖੇਡਿਆ ਜਾਵੇਗਾ। ਇਸੇ ਤਰ੍ਹਾਂ ਦੂਜਾ ਸੈਮੀਫਾਈਨਲ ਮੁਕਾਬਲਾ 16 ਨਵੰਬਰ ਦਿਨ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਇਹ ਦੋਵੇਂ ਸੈਮੀਫਾਈਨਲ ਮੈਚ ਦੁਪਹਿਰ ਦੋ ਵਜੇ ਸ਼ੁਰੂ ਹੋਣਗੇ। ਇਸਦੇ ਚੱਲਦਿਆਂ ਇਨ੍ਹਾਂ ਚਾਰ ਟੀਮਾਂ ਵਿਚੋਂ ਜਿਹੜੀਆਂ ਦੋ ਟੀਮਾਂ ਫਾਈਨਲ ਵਿਚ ਪਹੁੰਚਣਗੀਆਂ, ਉਨ੍ਹਾਂ ਟੀਮਾਂ ਦਾ ਫਾਈਨਲ ਮੈਚ 19 ਨਵੰਬਰ ਨੂੰ ਗੁਜਰਾਤ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਧਿਆਨ ਰਹੇ ਕਿ ਇਸ ਕ੍ਰਿਕਟ ਵਰਲਡ ਵਿਚ 10 ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਨੇ ਭਾਗ ਲਿਆ ਹੈ। ਜਿਨ੍ਹਾਂ ਵਿਚ ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਆਸਟਰੇਲੀਆ, ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੀਦਰਲੈਂਡ ਸ਼ਾਮਲ ਹਨ। ਇਸ ਕਿ੍ਰਕਟ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਲੰਘੀ 5 ਅਕਤੂਬਰ ਨੂੰ ਅਹਿਮਦਾਬਾਦ ਵਿਚ ਖੇਡਿਆ ਗਿਆ ਸੀ ਅਤੇ ਹੁਣ ਫਾਈਨਲ ਮੁਕਾਬਲਾ ਵੀ 19 ਨਵੰਬਰ ਦਿਨ ਐਤਵਾਰ ਨੂੰ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਵਿਚ ਹੀ ਖੇਡਿਆ ਜਾਣਾ ਹੈ।