16.6 C
Toronto
Sunday, September 28, 2025
spot_img
Homeਭਾਰਤਮਹਿੰਗਾਈ ਦੇ ਮੁੱਦੇ 'ਤੇ ਵਿਰੋਧੀ ਧਿਰ ਨੇ ਘੇਰੀ ਮੋਦੀ ਸਰਕਾਰ

ਮਹਿੰਗਾਈ ਦੇ ਮੁੱਦੇ ‘ਤੇ ਵਿਰੋਧੀ ਧਿਰ ਨੇ ਘੇਰੀ ਮੋਦੀ ਸਰਕਾਰ

ਆਮ ਲੋਕਾਂ ‘ਤੇ ਵਧੀਆਂ ਕੀਮਤਾਂ ਦੇ ਪੈ ਰਹੇ ਅਸਰ ਪ੍ਰਤੀ ਚਿੰਤਾ ਪ੍ਰਗਟਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਦੇਸ਼ ਅੰਦਰ ਵਧਦੀ ਮਹਿੰਗਾਈ ਤੇ ਇਸਦੇ ਆਮ ਲੋਕਾਂ ‘ਤੇ ਪੈ ਰਹੇ ਅਸਰ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਟੈਕਸ ਘਟਾ ਕੇ ਗਰੀਬ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਹਾਲਾਂਕਿ ਭਾਜਪਾ ਮੈਂਬਰਾਂ ਨੇ ਕਿਹਾ ਕਿ ਦੇਸ਼ ‘ਚ ਮਹਿੰਗਾਈ ਦਰ ਸਿਰਫ਼ 7 ਫੀਸਦ ਹੈ ਅਤੇ ਇਹ ਵੀ ਮੁੱਖ ਤੌਰ ‘ਤੇ ਰੂਸ-ਯੂਕਰੇਨ ਜੰਗ ਅਤੇ ਆਲਮੀ ਸਮੱਸਿਆਵਾਂ ਕਾਰਨ ਹੋਈ ਹੈ। ਉਨ੍ਹਾਂ ਨਾਲ ਹੀ ਔਖੇ ਸਮਿਆਂ ‘ਚ ਦੇਸ਼ ਦੀ ਆਰਥਿਕਤਾ ਨੂੰ ਸਹੀ ਦਿਸ਼ਾ ਦੇਣ ਲਈ ਸਰਕਾਰ ਦੀ ਸ਼ਲਾਘਾ ਕੀਤੀ।
ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਬਾਰੇ ਰਾਜ ਸਭਾ ‘ਚ ਹੋਈ ਬਹਿਸ ‘ਚ ਹਿੱਸਾ ਲੈਂਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਸ ਸਮੇਂ ਮਹਿੰਗਾਈ ਕਾਰਨ ਭਾਰਤ ਦਾ ਦਿਹਾਤੀ ਖੇਤਰ ਵੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ, ‘ਪਿਛਲੇ ਸਾਲਾਂ ਦੌਰਾਨ ਕਿਸਾਨਾਂ ਦੀ ਖੇਤੀ ਲਾਗਤ 21 ਫੀਸਦ ਦੇ ਕਰੀਬ ਵੱਧ ਗਈ ਹੈ ਪਰ ਆਮਦਨ ਦੁੱਗਣੀ ਹੋਣ ਦੇ ਭਰੋਸੇ ਦੇ ਬਾਵਜੂਦ ਇਸ ‘ਚ ਕੋਈ ਵਾਧਾ ਨਹੀਂ ਹੋਇਆ।’ ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ ਦਿਹਾਤੀ ਖੇਤਰ ‘ਚ ਸ਼ਹਿਰੀ ਖੇਤਰ ਮੁਕਾਬਲੇ ਮਹਿੰਗਾਈ ਦਰ ਵੱਧ ਹੈ ਜੋ ਦੇਸ਼ ‘ਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਲਈ ਊਰਜਾ ਟੈਕਸ, ਜੀਐੱਸਟੀ, ਰੁਪਏ ਦੀ ਘਟਦੀ ਕੀਮਤ ਸਮੇਤ ਕਈ ਕਾਰਨ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੈਟਰੋਲ ‘ਤੇ ਡੀਜ਼ਲ ‘ਤੇ ਲਾਏ ਗਏ ਟੈਕਸ ਤੇ ਲਗਾਤਾਰ ਵਧਾਏ ਜਾ ਰਹੇ ਜੀਐੱਸਟੀ ਕਾਰਨ ਆਮ ਲੋਕਾਂ ‘ਤੇ ਮਹਿੰਗਾਈ ਦਾ ਬੋਝ ਵਧਿਆ ਹੈ। ਝਾਰਖੰਡ ਮੁਕਤੀ ਮੋਰਚਾ ਦੇ ਮਹੁਆ ਮਾਜੀ ਨੇ ਕਬਾਇਲੀ ਲੋਕਾਂ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਗਰੀਬੀ ਤੇ ਮਹਿੰਗਾਈ ਨੇ ਕਬਾਇਲੀ ਖੇਤਰ ‘ਚ ਤਬਾਹੀ ਲਿਆਂਦੀ ਹੈ। ਕਾਂਗਰਸ ਆਗੂ ਰਜਨੀ ਅਸ਼ੋਕਰਾਓ ਪਾਟਿਲ ਨੇ ਕਿਹਾ ਕਿ ਵਧਦੀ ਮਹਿੰਗਾਈ ਕਾਰਨ ਔਰਤਾਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਹਨ ਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਉਨ੍ਹਾਂ ਨੂੰ ਵੰਡੇ ਗਏ ਸਿਲੰਡਰ ਵੀ ਨਹੀਂ ਵਰਤੇ ਜਾ ਰਹੇ। ਕੈਗ ਦੀ ਰਿਪੋਰਟ ਅਨੁਸਾਰ 65 ਫੀਸਦ ਐੱਲਪੀਜੀ ਸਿਲੰਡਰ ਨਹੀਂ ਵਰਤੇ ਜਾ ਰਹੇ ਕਿਉਂਕਿ ਇਸ ਦੀ ਕੀਮਤ ਇੱਕ ਹਜ਼ਾਰ ਰੁਪਏ ਤੋਂ ਪਾਰ ਹੋ ਗਈ ਹੈ। ਡੀਐੱਮਕੇ ਆਗੂ ਤਿਰੁਚੀ ਸ਼ਿਵਾ ਨੇ ਕਿਹਾ ਕਿ ਸਰਕਾਰ ਨੂੰ ਰੁਪਏ ਦੀ ਕੀਮਤ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ, ‘ਤੁਸੀਂ ਕਾਰਪੋਰੇਟਾਂ ਨੂੰ ਲਾਹਾ ਪਹੁੰਚਾ ਰਹੇ ਹੋ ਤੇ ਗਰੀਬਾਂ ਨੂੰ ਮਾਰ ਰਹੇ ਹੋ।
ਸਰਕਾਰ ਦਾ ਇਹ ਰਵੱਈਆ ਠੀਕ ਨਹੀਂ ਹੈ।’ ਵਾਈਐੱਸਆਰਸੀਪੀ ਦੇ ਵੀ ਵਿਜੈਸਾਈ ਰੈੱਡੀ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਮਹਿੰਗਾਈ ਨਾਲ ਨਜਿੱਠਣ ‘ਚ ਨਾਕਾਮ ਰਹੀ ਹੈ। ਆਰਜੇਡੀ ਆਗੂ ਮਨੋਜ ਝਾਅ ਨੇ ਸਿਹਤ ਸੰਭਾਲ ਖੇਤਰ ‘ਚ ਵਧਦੀ ਮਹਿੰਗਾਈ ਦੇ ਮੁੱਦੇ ‘ਤੇ ਬਹਿਸ ਕਰਵਾਉਣ ਦੀ ਮੰਗ ਕੀਤੀ।
ਕਾਂਗਰਸ ਆਗੂ ਰੰਜੀਤ ਰੰਜਨ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ‘ਚ ਨਿਘਾਰ ਨੋਟਬੰਦੀ ਦੇ ਸਮੇਂ ਤੋਂ ਹੀ ਆਉਣਾ ਸ਼ੁਰੂ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਗਰੀਬ ਤੇ ਮੱਧ ਵਰਗ ਹੋਇਆ ਹੈ।
ਐੱਨਸੀਪੀ ਦੇ ਫੌਜ਼ੀਆ ਖਾਨ ਨੇ ਦੁੱਖ ਵਰਗੀਆਂ ਜ਼ਰੂਰੀ ਵਸਤਾਂ ‘ਤੇ ਜੀਐੱਸਟੀ ਲਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ। ਆਰਐੱਲਡੀ ਦੇ ਜੈਅੰਤ ਚੌਧਰੀ ਨੇ ਕਿਸਾਨਾਂ ਦੀ ਖੇਤੀ ਲਾਗਤ ਵਧਣ ਦਾ ਮੁੱਦਾ ਚੁੱਕਿਆ।

ਭਾਰਤੀ ਅਰਥਚਾਰਾ ਹੋਰ ਮੁਲਕਾਂ ਮੁਕਾਬਲੇ ਬਿਹਤਰ : ਸੀਤਾਰਾਮਨ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਪ੍ਰਚੂਨ ਮਹਿੰਗਾਈ ਦਰ ਜੋ ਇਸ ਸਮੇਂ 7 ਫੀਸਦ ਦੇ ਕਰੀਬ ਹੈ, ਨਾਲ ਨਜਿੱਠਣ ਲਈ ਟੀਚਾ ਆਧਾਰਿਤ ਪਹੁੰਚ ਅਪਣਾ ਰਹੀ ਹੈ ਤੇ ਇਸ ਲਈ ਜ਼ਮੀਨੀ ਹਕੀਕਤਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਰਾਜ ਸਭਾ ‘ਚ ਮਹਿੰਗਾਈ ਦੇ ਮੁੱਦੇ ‘ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਕੁਝ ਮੁਲਕਾਂ ‘ਚ ਬਣੇ ਹਾਲਾਤ ਤੇ ਇੱਥੋਂ ਤੱਕ ਕਿ ਕਈ ਵਿਕਸਿਤ ਦੇਸ਼ਾਂ ਮੁਕਾਬਲੇ ਭਾਰਤੀ ਅਰਚਥਾਰਾ ਬਿਹਤਰ ਸਥਿਤੀ ਵਿੱਚ ਹੈ। ਵਿੱਤ ਮੰਤਰੀ ਨੇ ਹਾਲਾਂਕਿ ਇਹ ਗੱਲ ਮੰਨੀ ਕਿ ਆਲਮੀ ਕਾਰਨਾਂ ਕਰਕੇ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਆਰਬੀਆਈ ਵੱਲੋਂ ਮਹਿੰਗਾਈ ਦਰ ਨੂੰ 7 ਫੀਸਦ ਤੋਂ ਘਟਾ ਕੇ 6 ਫੀਸਦ ਤੱਕ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ। ਵਿਰੋਧੀ ਧਿਰ ਵੱਲੋਂ ਗਰੀਬਾਂ ਦੀ ਥਾਂ ਅੰਬਾਨੀਆਂ ਤੇ ਅਡਾਨੀਆਂ ਲਈ ਕੰਮ ਕਰਨ ਦੇ ਲਾਏ ਜਾ ਰਹੇ ਆਰੋਪਾਂ ਬਾਰੇ ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਮਹਿੰਗਾਈ ਵਰਗੇ ਅਹਿਮ ਮੁੱਦੇ ‘ਤੇ ਬਹਿਸ ਦਾ ਸਿਆਸੀਕਰਨ ਕਰਦੇ ਹਨ। ਰੁਪਏ ਦੀ ਘਟਦੀ ਕੀਮਤ ਨੂੰ ਲੈ ਕੇ ਪ੍ਰਗਟਾਈਆਂ ਜਾ ਰਹੀਆਂ ਫਿਕਰਾਂ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਭਾਰਤੀ ਰੁਪਈਆ ਡਿੱਗ ਨਹੀਂ ਰਿਹਾ ਬਲਕਿ ਇਸ ਦਾ ਭਾਅ ਘਟਣਾ-ਵਧਣਾ ਕੁਦਰਤੀ ਪ੍ਰਕਿਰਿਆ ਹੈ।

 

RELATED ARTICLES
POPULAR POSTS