ਸਹਾਰਾ ਮੁਖੀ ਸੁਬਰਤ ਰਾਏ ਦਾ ਦਿਹਾਂਤ November 15, 2023 ਸਹਾਰਾ ਮੁਖੀ ਸੁਬਰਤ ਰਾਏ ਦਾ ਦਿਹਾਂਤ ਕਈ ਦਿਨਾਂ ਤੋਂ ਬਿਮਾਰ ਸਨ ਸੁਬਰਤ ਰਾਏ ਨਵੀਂ ਦਿੱਲੀ/ਬਿਊੁਰੋ ਨਿਊਜ਼ ਮਸ਼ਹੂਰ ਬਿਜ਼ਨਸਮੈਨ ਸੁਬਰਤ ਰਾਏ ਸਹਾਰਾ ਦਾ ਮੁੰਬਈ ਵਿਚ ਮੰਗਲਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 75 ਸਾਲ ਸੀ। ਸਹਾਰਾ ਪਰਿਵਾਰ ਦੇ ਮੁਖੀ ਸੁਬਰਤ ਰਾਏ ਪਿਛਲੇ ਕਾਫੀ ਦਿਨਾਂ ਤੋਂ ਗੰਭੀਰ ਰੂਪ ਵਿਚ ਬਿਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਮੁੰਬਈ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਸਹਾਰਾ ਗਰੁੱਪ ਵਲੋਂ ਦਿੱਤੇ ਗਏ ਬਿਆਨ ਅਨੁਸਾਰ ਸੁਬਰਤ ਰਾਏ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਸਨ ਅਤੇ ਮੰਗਲਵਾਰ ਰਾਤ 10.30 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਿਹਾਂਤ ਹੋ ਗਿਆ। ਸਹਾਰਾ ਗਰੁੱਪ ਦੇ ਬਿਆਨ ਅਨੁਸਾਰ ਸੁਬਰਤ ਦੇ ਜਾਣ ਦਾ ਘਾਟਾ ਪੂਰੇ ਸਹਾਰਾ ਇੰਡੀਆ ਪਰਿਵਾਰ ਵਲੋਂ ਮਹਿਸੂਸ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਟਨਾ ਹਾਈਕੋਰਟ ਵਿਚ ਸਹਾਰਾ ਇੰਡੀਆ ਦੇ ਖਿਲਾਫ ਲੋਕਾਂ ਦੇ ਪੈਸਿਆਂ ਦਾ ਕਈ ਸਾਲਾਂ ਤੋਂ ਭੁਗਤਾਨ ਨਾ ਕਰਨ ਦਾ ਇਕ ਮਾਮਲਾ ਚੱਲ ਰਿਹਾ ਹੈ। ਲੋਕਾਂ ਨੇ ਇਹ ਪੈਸੇ ਕੰਪਨੀ ਦੀਆਂ ਸਕੀਮਾਂ ਵਿਚ ਲਗਾਏ ਸਨ। ਇਸ ਕੇਸ ਵਿਚ ਸੁਬਰਤ ਰਾਏ ਦੀ ਗਿ੍ਰਫਤਾਰੀ ਦੇ ਪਟਨਾ ਹਾਈਕੋਰਟ ਦੇ ਨਿਰਦੇਸ਼ ’ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਸੀ। ਸੁਬਰਤ ਰਾਏ ਦੇ ਖਿਲਾਫ ਇਸੇ ਤਰ੍ਹਾਂ ਦਾ ਇਕ ਮਾਮਲਾ ਸੁਪਰੀਮ ਕੋਰਟ ਵਿਚ ਵੀ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਸਨ। ਉਧਰ ਦੂਜੇ ਪਾਸੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਸਬੰਧੀ ਸਹਾਰਾ ਇੰਡੀਆ ਦਾ ਦਾਅਵਾ ਹੈ ਕਿ ਉਹ ਸਾਰੀ ਰਕਮ ਸੇਬੀ ਦੇ ਕੋਲ ਜਮ੍ਹਾ ਕਰਵਾ ਚੁੱਕੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਬਰਤ ਰਾਏ ਨੇ 2004 ਵਿਚ ਆਪਣੇ ਦੋਵੇਂ ਬੇਟਿਆਂ ਦੇ ਵਿਆਹ ’ਤੇ 500 ਕਰੋੜ ਰੁਪਏ ਤੋਂ ਵੀ ਵੱਧ ਖਰਚਾ ਕੀਤਾ ਸੀ। 2023-11-15 Parvasi Chandigarh Share Facebook Twitter Google + Stumbleupon LinkedIn Pinterest