ਵੀਰ ਸਾਵਰਕਰ ਖਿਲਾਫ ਕੀਤੀਆਂ ਸਨ ਟਿੱਪਣੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਆਜ਼ਾਦੀ ਘੁਲਾਟੀਏ ਵੀਰ ਸਾਵਰਕਰ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ’ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਸ਼ਿਵ ਸੈਨਾ ਆਗੂ ਵੰਦਨਾ ਡੋਂਗਰੇ ਨੇ ਦਰਜ ਕਰਵਾਇਆ ਹੈ। ਇਸ ਸਬੰਧੀ ਸ਼ਿਕਾਇਤ ਮਹਾਰਾਸ਼ਟਰ ਦੇ ਪੁਲਿਸ ਥਾਣੇ ’ਚ ਦਰਜ ਕਰਵਾਈ ਗਈ ਹੈ। ਰਾਹੁਲ ਗਾਂਧੀ ਖਿਲਾਫ ਧਾਰਾ 500, 501 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਧਿਆਨ ਰਹੇ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਵਿਨਾਇਕ ਦਾਮੋਦਰ ਸਾਵਰਕਰ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ ਅਤੇ ਉਨ੍ਹਾਂ ਤਤਕਾਲੀ ਸ਼ਾਸਕਾਂ ਨੂੰ ਮੁਆਫ਼ੀ ਦੀ ਅਰਜ਼ੀ ਵੀ ਲਿਖੀ ਸੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਮੀਡੀਆ ਕਰਮੀਆਂ ਨੂੰ ਇਕ ਕਾਗਜ਼ ਵੀ ਦਿਖਾਇਆ ਅਤੇ ਦਾਅਵਾ ਕੀਤਾ ਸੀ ਕਿ ਇਹ ਸਾਵਰਕਰ ਵੱਲੋਂ ਅੰਗਰੇਜ਼ਾਂ ਨੂੰ ਲਿਖੀ ਗਈ ਅਰਜ਼ੀ ਹੈ। ਭਾਰਤ ਜੋੜੋ ਯਾਤਰਾ ਦੇ ਮਹਾਰਾਸ਼ਟਰ ’ਚ ਆਖਰੀ ਪੜਾਅ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਰਜ਼ੀ ਦੀ ਆਖਰੀ ਲਾਈਨ ਪੜ੍ਹ ਕੇ ਸੁਣਾਈ ਜਿਸ ’ਚ ਕਿਹਾ ਗਿਆ ਹੈ ਕਿ ‘ਮੈਂ ਹਮੇਸ਼ਾ ਤੁਹਾਡਾ ਆਗਿਆਕਾਰੀ ਸੇਵਕ ਬਣ ਕੇ ਰਹਾਂਗਾ।’ ਰਾਹੁਲ ਨੇ ਦੱਸਿਆ ਕਿ ਅਰਜ਼ੀ ਦੇ ਅਖੀਰ ’ਚ ਵੀ ਡੀ ਸਾਵਰਕਰ ਦੇ ਦਸਤਖ਼ਤ ਹਨ। ਉਧਰ ਦੂਜੇ ਪਾਸੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਾਅਵਾ ਕੀਤਾ ਕਿ ਸਾਵਰਕਰ ਬਾਰੇ ਰਾਹੁਲ ਗਾਂਧੀ ਝੂਠ ਬੋਲ ਰਹੇ ਹਨ।