ਇੰਗਲੈਂਡ ਨੂੰ ਹਰਾ ਕੇ ਜਿੱਤਿਆ ਮਹਿਲਾ ਅੰਡਰ-19 ਕ੍ਰਿਕਟ ਵਿਸ਼ਵ ਕੱਪ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਮਹਿਲਾ ਕਿ੍ਰਕਟ ਟੀਮ ਨੇ ਦੱਖਣੀ ਅਫਰੀਕਾ ਦੇ ਪੌਟਚੈਫਸਟਰੂਮ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਠਾ ਟੀ-20 ਆਈਸੀਸੀ ਅੰਡਰ-19 ਕਿ੍ਰਕਟ ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਦੀ ਅੰਡਰ-19 ਕਿ੍ਰਕਟ ਟੀਮ ਦਾ ਇਹ ਪਹਿਲਾ ਵਿਸ਼ਵ ਖਿਤਾਬ ਹੈ। ਸੀਨੀਅਰ ਮਹਿਲਾ ਟੀਮ ਆਈਸੀਸੀ ਕਿ੍ਰਕਟ ਦੇ ਸਾਰੇ ਫਾਰਮੈਟਾਂ ਵਿੱਚ ਤਿੰਨ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚੀ ਸੀ ਪਰ ਹਰ ਵਾਰ ਖਿਤਾਬ ਜਿੱਤਣ ’ਚ ਅਸਫਲ ਰਹੀ। ਇਸ ਜਿੱਤ ਵਿੱਚ ਤੇਜ਼ ਗੇਂਦਬਾਜ਼ ਟੀ. ਸਾਧੂ ਅਤੇ ਸਪਿੰਨ ਗੇਂਦਬਾਜ਼ਾਂ ਅਰਚਨਾ ਦੇਵੀ ਅਤੇ ਪਾਰਸ਼ਵੀ ਚੋਪੜਾ ਦਾ ਸ਼ਾਨਦਾਰ ਯੋਗਦਾਨ ਰਿਹਾ। ਤਿੰਨਾਂ ਗੇਦਬਾਜ਼ਾਂ ਨੇ ਦੋ ਦੋ ਵਿਕਟਾਂ ਲਈਆਂ। ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੂੰ 17.1 ਓਵਰਾਂ ਵਿੱਚ ਸਿਰਫ 68 ਦੌੜਾਂ ’ਤੇ ਆਊਟ ਕਰਨ ਮਗਰੋਂ ਜਿੱਤ ਲਈ ਲੋੜੀਂਦਾ 69 ਦੌੜਾਂ ਦਾ ਟੀਚਾ 14 ਓਵਰਾਂ ਵਿੱਚ ਸਿਰਫ ਤਿੰਨ ਵਿਕਟਾਂ ਗੁਆ ਕੇ ਹਾਸਲ ਕਰਦਿਆਂ ਖਿਤਾਬ ਆਪਣੇ ਨਾਂ ਕਰ ਲਿਆ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਵੱਲੋਂ ਸੌਮਿਆ ਤਿਵਾੜੀ ਤੇ ਜੀ. ਤਿ੍ਰਸ਼ਾ ਨੇ 24-24 ਦੌੜਾਂ ਦੀ ਪਾਰੀ ਖੇਡਦਿਆਂ ਤੀਜੀ ਵਿਕਟ ਲਈ 46 ਦੌੜਾਂ ਦੀ ਭਾਈਵਾਲੀ ਕਰਦਿਆਂ ਭਾਰਤ ਦੀ ਜਿੱਤ ਯਕੀਨੀ ਬਣਾਈ। ਕਪਤਾਨ ਸ਼ੈਫਾਲੀ ਵਰਮਾ ਨੇ 15 ਦੌੜਾਂ ਬਣਾਈਆਂ। ਭਾਰਤ ਦੀ ਟੀ. ਸਾਧੂ ਨੂੰ ‘ਪਲੇਅਰ ਆਫ ਦਿ ਮੈਚ’ ਜਦਕਿ ਇੰਗਲੈਂਡ ਦੀ ਗਰੇਸ ਸਕਰੀਵੈਂਸ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਜੇਤੂ ਟੀਮ ਦਾ ਪਟਿਆਲਾ ਦੀ ਮੰਨਤ ਕਸ਼ਯਪ ਵੀ ਹਿੱਸਾ ਹੈ। ਮੰਨਤ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਵਿਸ਼ਵ ਚੈਂਪੀਅਨ ਟੀਮ ਵਿਚ ਖੇਡਦਿਆਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।