ਕਬੂਤਰਬਾਜ਼ੀ ਦੇ ਮਾਮਲੇ ਵਿਚ ਦਲੇਰ ਮਹਿੰਦੀ ਨੂੰ ਹੋਈ ਸੀ ਸਜ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕ ਦਲੇਰ ਮਹਿੰਦੀ ਪਾਸਪੋਰਟ ਰਿਨਿਊ ਕਰਾਉਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਦਲੇਰ ਮਹਿੰਦੀ ਦੀ ਪਟੀਸ਼ਨ ’ਤੇ ਹੁਣ ਕੇਂਦਰ ਸਰਕਾਰ ਨੂੰ ਨੋਟਿਸ ਵੀ ਜਾਰੀ ਹੋ ਗਿਆ ਹੈ ਅਤੇ ਆਉਂਦੀ 2 ਫਰਵਰੀ ਨੂੰ ਮਾਮਲੇ ਦੀ ਸੁਣਵਾਈ ਨਿਰਧਾਰਤ ਕੀਤੀ ਗਈ ਹੈ। ਧਿਆਨ ਰਹੇ ਕਿ ਕਬੂਤਰਬਾਜ਼ੀ ਦੇ ਮਾਮਲੇ ਵਿਚ ਹੋਈ ਸਜ਼ਾ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਦਲੇਰ ਮਹਿੰਦੀ ਨੇ ਅਦਾਲਤ ਵਿਚ ਆਪਣੇ ਪਾਸਪੋਰਟ ਨੂੰ ਰਿਨੀਊ ਕਰਨ ਲਈ ਅਰਜ਼ੀ ਦਾਇਰ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦਲੇਰ ਮਹਿੰਦੀ ਦੇ ਪਾਸਪੋਰਟ ਦੀ ਮਿਆਦ 16 ਮਾਰਚ ਨੂੰ ਖਤਮ ਹੋ ਰਹੀ ਹੈ। ਅਜਿਹੇ ਵਿਚ ਦਲੇਰ ਮਹਿੰਦੀ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕਰਕੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਖੇਤਰੀ ਪਾਸਪੋਰਟ ਅਧਿਕਾਰੀ ਨੂੰ ਉਨ੍ਹਾਂ ਦਾ ਪਾਸਪੋਰਟ ਰਿਨਿਊ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣ। ਇਸ ਸਬੰਧੀ ਅਰਜ਼ੀ ਉਹ ਪਹਿਲਾਂ ਹੀ ਖੇਤਰੀ ਪਾਸਪੋਰਟ ਦਫਤਰ ਵਿਚ ਦੇ ਚੁੱਕੇ ਹਨ। ਇਹ ਵੀ ਦੱਸਣਯੋਗ ਹੈ ਕਿ ਦਲੇਰ ਮਹਿੰਦੀ ’ਤੇ ਸਾਲ 2003 ਵਿਚ ਕਬੂਤਰਬਾਜ਼ੀ ਦੇ ਮਾਮਲੇ ਵਿਚ ਕੇਸ ਦਰਜ ਹੋਇਆ ਸੀ ਅਤੇ 2018 ਵਿਚ ਪਟਿਆਲਾ ਦੀ ਅਦਾਲਤ ਨੇ ਦਲੇਰ ਮਹਿੰਦੀ ਨੂੰ ਸਜ਼ਾ ਵੀ ਸੁਣਾਈ ਸੀ।