Breaking News
Home / ਭਾਰਤ / ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਜੰਤਰ ਮੰਤਰੀ ‘ਤੇ ਰੈਲੀ

ਇੰਡੀਆ ਗੱਠਜੋੜ ਦੇ ਆਗੂਆਂ ਵੱਲੋਂ ਜੰਤਰ ਮੰਤਰੀ ‘ਤੇ ਰੈਲੀ

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਰਿਹਾਅ ਕਰਨ ਦੀ ਮੰਗ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਆਰੋਪ ਲਾਇਆ ਹੈ। ਉਨ੍ਹਾਂ ਕੇਂਦਰ ‘ਤੇ ਦਿੱਲੀ ਸਰਕਾਰ ਦੇ ਕੰਮ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਹੀ ਰਾਜਿੰਦਰ ਨਗਰ ਵਿੱਚ ਸਥਿਤ ਇੱਕ ਕੋਚਿੰਗ ਸੈਂਟਰ ‘ਚ ਵਾਪਰੀ ਘਟਨਾ ਕਾਰਨ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ‘ਆਪ’ ਵੱਲੋਂ ਕੀਤੀ ਗਈ ਰੋਸ ਰੈਲੀ ‘ਚ ‘ਭਾਰਤ ਮਾਤਾ ਕੀ ਜੈ’ ਅਤੇ ‘ਤਾਨਾਸ਼ਾਹੀ ਖ਼ਤਮ ਕਰੋ’ ਦੇ ਨਾਅਰੇ ਵੀ ਲੱਗੇ। ਇਸ ਦੌਰਾਨ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਤਿੰਨ ਸੀਨੀਅਰ ‘ਆਪ’ ਆਗੂ- ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੂੰ ਇੱਕ ਸਾਜਿਸ਼ ਦੇ ਹਿੱਸੇ ਵਜੋਂ ਜੇਲ੍ਹ ‘ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, ‘ਚੁਣੇ ਗਏ ਮੁੱਖ ਮੰਤਰੀ ਜੇਲ੍ਹ ਵਿੱਚ ਹਨ।
ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਵੀ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਈ ਦੀ ਮੰਗ ਕੀਤੀ। ‘ਆਪ’ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਹਿਰਾਸਤ ਦੌਰਾਨ ਕੇਜਰੀਵਾਲ ਦੇ ਸ਼ੂਗਰ ਦਾ ਪੱਧਰ ਹੇਠਾਂ ਜਾ ਰਿਹਾ ਹੈ। ਉਨ੍ਹਾਂ ਨੂੰ ਟਰਾਇਲ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ, ਪਰ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਣ ਦੀ ਸਾਜ ਿਚੱਲ ਰਹੀ ਹੈ। ਇਸ ਰੈਲੀ ਮੌਕੇ ਐੱਨਸੀਪੀ-ਸਪਾ ਦੇ ਮੁਖੀ ਸ਼ਰਦ ਪਵਾਰ, ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਗੌਰਵ ਗੋਗੋਈ ਤੇ ਕਾਂਗਰਸ ਤੋਂ ਰਾਜ ਸਭਾ ਮੈਂਬਰ ਪ੍ਰਮੋਦ ਤਿਵਾੜੀ ਵੀ ਮੌਜੂਦ ਸਨ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਜਦੋਂ ਵੀ ਉਹ ਸੱਤਾ ਵਿੱਚ ਆਉਣਗੇ ਤਾਂ ਉਹ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਏਜੰਸੀਆਂ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ‘ਆਪ’ ਕਾਰਕੁਨਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਔਖੇ ਸਮੇਂ ਵਿੱਚ ਉਨ੍ਹਾਂ ਨਾਲ ਖੜ੍ਹੀ ਹੈ।
ਕੇਜਰੀਵਾਲ ਦੀ ਜਾਨ ਖ਼ਤਰੇ ‘ਚ, ਭਾਜਪਾ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ: ਸੁਨੀਤਾ ਕੇਜਰੀਵਾਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਨਫ਼ਰਤ ਦੀ ਰਾਜਨੀਤੀ ਅਤੇ ਰਾਜਧਾਨੀ ਦੇ ਵਸਨੀਕਾਂ ਦੇ ਕੰਮ ਰੋਕਣ ਦਾ ਕੰਮ ਕਰ ਰਹੀ ਹੈ ਜਦਕਿ ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਤਿਹਾੜ ਵਿੱਚ ਉਨ੍ਹਾਂ ਦੇ ਪਤੀ ਦੀ ਜਾਨ ਖ਼ਤਰੇ ਵਿੱਚ ਹੈ। ਰੈਲੀ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀ ਨੂੰ ਇੱਕ ਬਿਆਨ ਦੇ ਆਧਾਰ ‘ਤੇ ਆਬਕਾਰੀ ਨੀਤੀ ਕੇਸ ਵਿੱਚ ਫਸਾਇਆ ਗਿਆ। ਉਨ੍ਹਾਂ ਕਿਹਾ ਕਿ ਈਡੀ ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਿਉਂ ਕੀਤਾ? ਇਹ ਸਾਜ਼ਿਸ਼ ਤੇ ਦਬਾਅ ਕਾਰਨ ਹੋਇਆ।

Check Also

ਵਿਦੇਸ਼ ਮੰਤਰ ਜੈਸ਼ੰਕਰ ਭਾਰਤ-ਜੀਸੀਸੀ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਸਾਊਦੀ ਅਰਬ ਪਹੁੰਚੇ

ਸਾਊੁਦੀ ਅਰਬ ਮੰਤਰੀ ਅਬਦੁਲਮਜੀਦ ਅਲ ਨਾਲ ਕੀਤੀ ਗੱਲਬਾਤ ਰਿਆਧ/ਬਿਊਰੋ ਨਿਊਜ਼ : ਭਾਰਤੀ ਵਿਦੇਸ਼ ਮੰਤਰੀ ਐੇੱਸ. …