Breaking News
Home / ਭਾਰਤ / ਫਲੋਰ ਟੈਸਟ ‘ਚ ਯੇਦੀਯੁਰੱਪਾ ਪਾਸ, ਚੌਥੀ ਵਾਰ ਸੰਭਾਲਣਗੇ ਕਰਨਾਟਕ ਦੀ ਕਮਾਨ

ਫਲੋਰ ਟੈਸਟ ‘ਚ ਯੇਦੀਯੁਰੱਪਾ ਪਾਸ, ਚੌਥੀ ਵਾਰ ਸੰਭਾਲਣਗੇ ਕਰਨਾਟਕ ਦੀ ਕਮਾਨ

ਸਪੀਕਰ ਰਮੇਸ਼ ਕੁਮਾਰ ਨੇ ਵੀ ਦਿੱਤਾ ਅਸਤੀਫਾ
ਬੰਗਲੌਰ/ਬਿਊਰੋ ਨਿਊਜ਼ : ਬੀ.ਐੱਸ.ਯੇਦੀਯੁਰੱਪਾ ਦੀ ਅਗਵਾਈ ਵਾਲੀ ਕੁਝ ਦਿਨ ਪੁਰਾਣੀ ਕਰਨਾਟਕ ਸਰਕਾਰ ਨੇ ਸੋਮਵਾਰ ਨੂੰ ਅਸੈਂਬਲੀ ਵਿੱਚ ਜ਼ੁਬਾਨੀ ਵੋਟਾਂ ਨਾਲ ਬਹੁਮੱਤ ਸਾਬਤ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ‘ਬਦਲੇ ਦੀ ਸਿਆਸਤ’ ਵਿੱਚ ਨਹੀਂ ਪੈਣਗੇ ਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਲੀਹੋਂ ਲੱਥੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਸਹੀ ਰਾਹ ਪਾਉਣਾ ਹੋਵੇਗਾ। ਉਧਰ ਸਦਨ ਦੀ ਕਾਰਵਾਈ ਮੁਕੰਮਲ ਹੁੰਦੇ ਹੀ ਅਸੈਂਬਲੀ ਸਪੀਕਰ ਕੇ.ਆਰ.ਰਮੇਸ਼ ਕੁਮਾਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਇਸ ਤੋਂ ਪਹਿਲਾਂ ਭਾਜਪਾ ਨੇ ਕਰਨਾਟਕ ਅਸੈਂਬਲੀ ਵਿੱਚ ਬਿਨਾ ਕਿਸੇ ਔਖ ਦੇ ਬਹੁਮੱਤ ਸਾਬਤ ਕਰ ਦਿੱਤਾ। ਵਿਸ਼ਵਾਸ ਮੱਤ ਪੇਸ਼ ਕਰਦਿਆਂ ਮੁੱਖ ਮੰਤਰੀ ਯੇਦੀਯੁਰੱਪਾ ਨੇ ਕਿਹਾ ਕਿ ਉਹ ‘ਬਦਲੇ ਦੀ ਸਿਆਸਤ’ ਵਿੱਚ ਨਹੀਂ ਪੈਣਗੇ ਤੇ ਉਹ ‘ਭੁੱਲਣ ਤੇ ਮੁਆਫ਼ ਕਰਨ ਦੇ ਸਿਧਾਂਤ ਵਿਚ ਯਕੀਨ’ ਰੱਖਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਮੁਸ਼ਕਲ ਹਾਲਾਤ ਵਿੱਚ ਸੂਬੇ ਦੀ ਕਮਾਨ ਸੰਭਾਲੀ ਹੈ ਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਲੀਹੋਂ ਲੱਥੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਮੁੜ ਸਹੀ ਰਾਹ ‘ਤੇ ਪਾਉਣਾ ਹੋਵੇਗਾ। ਸਪੀਕਰ ਵੱਲੋਂ ਦਲ ਬਦਲੀ ਕਾਨੂੰਨ ਤਹਿਤ ਕਾਂਗਰਸ ਤੇ ਜੇਡੀਐੱਸ ਦੇ 17 ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਮਗਰੋਂ 225 ਮੈਂਬਰੀ (ਇਨ੍ਹਾਂ ਵਿਚੋਂ ਇਕ ਮੈਂਬਰ ਨਾਮਜ਼ਦ ਹੈ) ਵਿਧਾਨ ਸਭਾ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ ਘੱਟ ਕੇ 208 ਰਹਿ ਗਈ ਸੀ ਤੇ ਯੇਦੀਯੁਰੱਪਾ ਸਰਕਾਰ ਨੂੰ ਬਹੁਮੱਤ ਸਾਬਤ ਕਰਨ ਲਈ 105 ਦੇ ਅੰਕੜੇ ਦੀ ਦਰਕਾਰ ਸੀ। ਭਾਜਪਾ ਕੋਲ ਆਪਣੇ 105 ਵਿਧਾਇਕਾਂ ਸਮੇਤ ਇਕ ਆਜ਼ਾਦ ਵਿਧਾਇਕ ਦੀ ਹਮਾਇਤ ਹੈ, ਲਿਹਾਜ਼ਾ ਯੇਦੀਯੁਰੱਪਾ ਸਰਕਾਰ ਨੇ ਆਸਾਨੀ ਨਾਲ ਬਹੁਮੱਤ ਸਾਬਤ ਕਰ ਦਿੱਤਾ।
ਉਧਰ ਮੌਜੂਦਾ ਅੰਕੜਿਆਂ ਨੂੰ ਵੇਖਦਿਆਂ ਵਿਰੋਧੀ ਧਿਰ ਕਾਂਗਰਸ ਤੇ ਜੇਡੀਐੱਸ ਨੇ ਵੋਟਾਂ ਦੀ ਵੰਡ ਲਈ ਜ਼ੋਰ ਨਹੀਂ ਪਾਇਆ ਤੇ ਭਾਜਪਾ ਸਰਕਾਰ ਨੇ ਜ਼ੁਬਾਨੀ ਵੋਟਾਂ ਨਾਲ ਬਹੁਮੱਤ ਸਾਬਤ ਕੀਤਾ। ਇਸ ਦੌਰਾਨ ਸਪੀਕਰ ਕੇ.ਆਰ.ਰਮੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …