Breaking News
Home / ਕੈਨੇਡਾ / ’84 ‘ਚ ਹੋਏ ਸਿੱਖ ਕਤਲੇਆਮ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਹੀਂ ਮੰਨਦੀ ਨਸਲਕੁਸ਼ੀ

’84 ‘ਚ ਹੋਏ ਸਿੱਖ ਕਤਲੇਆਮ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਹੀਂ ਮੰਨਦੀ ਨਸਲਕੁਸ਼ੀ

ਕੈਨੇਡਾ ਦੇ ਓਨਟਾਰੀਓ ਸੂਬੇ ਨੇ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ
ਬੀਬੀ ਹਰਿੰਦਰ ਮੱਲ੍ਹੀ ਵੱਲੋਂ ਪੇਸ਼ ਮਤੇ ਦੇ ਹੱਕ ‘ਚ 34 ਅਤੇ ਵਿਰੋਧ ‘ਚ ਸਿਰਫ਼ 5 ਵੋਟਾਂ ਪਈਆਂ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ਦੇ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਨੇ 1984 ਦੇ ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦਿੰਦਾ ਮਤਾ ਪਾਸ ਕਰ ਦਿੱਤਾ ਜੋ ਸੂਬੇ ਵਿਚ ਸੱਤਾਧਾਰੀ ਲਿਬਰਲ ਪਾਰਟੀ ਦੀ ਸਿੱਖ ਵਿਧਾਇਕਾ ਬੀਬੀ ਹਰਿੰਦਰ ਕੌਰ ਮੱਲ੍ਹੀ ਵਲੋਂ ਪੇਸ਼ ਕੀਤਾ ਗਿਆ ਸੀ। ਹਰਿੰਦਰ ਮੱਲ੍ਹੀ ਵਲੋਂ ਪ੍ਰਾਈਵੇਟ ਮੈਂਬਰਜ਼ ਬਿਲ ਵਜੋਂ ਓਨਟਾਰੀਓ ਵਿਧਾਨ ਸਭਾ ਵਿਚ ਪੇਸ਼ ਮਤੇ ਦੇ ਹੱਕ ਵਿਚ 34 ਅਤੇ ਵਿਰੋਧ ਵਿਚ 5 ਵੋਟਾਂ ਪਈਆਂ। ਭਾਰਤ ਸਰਕਾਰ ਨੇ ਇਸ ਬਾਰੇ ਕੈਨੇਡਾ ਸਰਕਾਰ ਕੋਲ ਵਿਰੋਧ ਦਰਜ ਕਰਵਾਉਂਦਿਆਂ ਇਸ ਮਤੇ ਨੂੰ ਗੁੰਮਰਾਹਕੁੰਨ ਦੱਸਿਆ। ਉਧਰ ਟੋਰਾਂਟੋ ਵਿਚ ਭਾਰਤ ਦੇ ਕੌਂਸਲ ਜਨਰਲ ਦਿਨੇਸ਼ ਭਾਟੀਆ ਨੇ ਵੀ ਓਨਟਾਰੀਓ ਸਰਕਾਰ ਕੋਲ ਇਸ ਬਾਰੇ ਵਿਰੋਧ ਦਰਜ ਕਰਵਾਇਆ। ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਵਾਲਾ ਓਨਟਾਰੀਓ, ਕੈਨੇਡਾ ਦਾ ਪਹਿਲਾ ਸੂਬਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀਆਂ ਕੁਝ ਮਿਊਂਸੀਪਲਟੀਜ਼ ਅਜਿਹੇ ਮਤੇ ਪਾਸ ਕਰ ਚੁੱਕੀਆਂ ਹਨ। ਓਨਟਾਰੀਓ ਦੀਆਂ ਕਈ ਇੰਡੋ-ਕੈਨੇਡੀਅਨ ਜਥੇਬੰਦੀਆਂ ਨੇ ਸੂਬੇ ਦੀ ਪ੍ਰੀਮੀਅਰ ਕੈਥਲੀਨ ਵਿੰਨ ਨੂੰ ਮਤੇ ਦਾ ਵਿਰੋਧ ਕਰਨ ਬਾਰੇ ਪੱਤਰ ਲਿਖੇ ਸਨ, ਪਰ 2015 ਦੀਆਂ ਆਮ ਚੋਣਾਂ ਦੌਰਾਨ ਵੱਡੀ ਗਿਣਤੀ ਵਿਚ ਪੰਜਾਬੀਆਂ ਦੀ ਜਿੱਤ ਅਤੇ ਸੂਬੇ ਵਿਚ 2018 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਖ ਵੋਟਾਂ ਦੀ ਅਹਿਮੀਅਤ ਨੂੰ ਵੇਖਦਿਆਂ ਕੈਥਲੀਨ ਵਿੰਨ ਨੇ ਅਜਿਹੀਆਂ ਅਪੀਲਾਂ ਨੂੰ ਤਵੱਜੋਂ ਨਾ ਦਿੱਤੀ।
ਓਨਟਾਰੀਓ ਦੀ ਲਿਬਰਲ ਸਰਕਾਰ 2018 ਦੀਆਂ ਚੋਣਾਂ ਜਿੱਤਣ ਲਈ ਸਾਰੇ ਵਰਗਾਂ ਨੂੰ ਖੁਸ਼ ਕਰਨ ਦੇ ਯਤਨ ਕਰ ਰਹੀ ਹੈ।
ਓਨਟਾਰੀਓ ਸੂਬੇ ਦੇ ‘ਨਸਲਕੁਸ਼ੀ’ ਵਾਲੇ ਮਤੇ ਨੂੰ ਭਾਰਤ ਦੀ ਕੇਂਦਰ ਸਰਕਾਰ ਨੇ ਕੀਤਾ ਰੱਦ
ਨਵੀਂ ਦਿੱਲੀ : ਭਾਜਪਾ ਦੀ ਅਗਵਾਈ ਵਾਲੀ ਅਤੇ ਅਕਾਲੀ ਦਲ ਦੀ ਭਾਈਵਾਲ ਭਾਰਤ ਦੀ ਕੇਂਦਰ ਸਰਕਾਰ ਨੇ ’84 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਮੰਨਣ ਤੋਂ ਸਿੱਧੇ ਢੰਗ ਨਾਲ ਇਨਕਾਰ ਕਰ ਦਿੱਤਾ। ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਵਿਰੁੱਧ ਕੈਨੇਡਾ ਦੇ ਸੂਬੇ ਓਨਟਾਰੀਓ ਦੀ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਭਾਰਤ ਸਰਕਾਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਮਤੇ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ ਕਿ ਭਾਰਤ ਦੇ ਪੱਖ ਤੋਂ ਕੈਨੇਡਾ ਦੀ ਸਰਕਾਰ ਅਤੇ ਰਾਜਸੀ ਆਗੂਆਂ ਨੂੰ ਜਾਣੂ ਕਰਵਾ ਦਿੱਤਾ ਹੈ। ਬਾਗਲੇ ਨੇ ਕਿਹਾ ਕਿ ਭਾਰਤ ਇਸ ਮਤੇ ਨੂੰ ਰੱਦ ਕਰਦਾ ਹੈ। ਇਹ ਮਤਾ ਭਾਰਤ ਦੇ ਸੰਵਿਧਾਨ, ਸੁਸਾਇਟੀ, ਕਦਰਾਂ ਕੀਮਤਾਂ, ਕਾਨੂੰਨ ਦੇ ਰਾਜ ਅਤੇ ਜੁਡੀਸ਼ੀਅਲ ਪ੍ਰਬੰਧ ਬਾਰੇ ਸੀਮਤ ਜਾਣਕਾਰੀ ਉੱਤੇ ਆਧਾਰਿਤ ਹੈ।

ਓਨਟਾਰੀਓ ਸੂਬੇ ਦੇ ਸਿੱਖ ਨਸਲਕੁਸ਼ੀ ਵਾਲੇ ਮਤੇ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਕੇਂਦਰ ਸਰਕਾਰ ਵੱਲੋਂ ਮਤੇ ਦੀ ਨਿੰਦਾ ਕਰਨ ਨੂੰ ਮੰਦਭਾਗਾ ਕਰਾਰ ਦਿੰਦੇ ਹਾਂ।
-ਕਿਰਪਾਲ ਸਿੰਘ ਬਡੂੰਗਰ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਕੇਂਦਰ  ਸਰਕਾਰ ਸਿੱਖ ਕਤਲੇਆਮ  ਨੂੰ ਨਸਲਕੁਸ਼ੀ ਮੰਨੇ। ਉਸ ਸਮੇਂ ਦੀ ਸੱਤਾਧਾਰੀ ਪਾਰਟੀ ਨੇ ਮਰਵਾਇਆ ਸੀ ਸਿੱਖਾਂ ਨੂੰ। ਓਨਟਾਰੀਓ ਅਸੈਂਬਲੀ ਦੇ ਮਤੇ ਦਾ ਸਵਾਗਤ
-ਹਰਵਿੰਦਰ ਸਿੰਘ ਫੂਲਕਾ
ਵਿਧਾਇਕ ਆਮ ਆਦਮੀ ਪਾਰਟੀ (ਪੰਜਾਬ)

ਭਾਜਪਾ ਸਰਕਾਰ ‘ਚ ਭਾਈਵਾਲ ਅਕਾਲੀ ਦਲ ਨੇ ਵੀ ਉਠਾਈ ਆਵਾਜ਼
ਨਵੀਂ ਦਿੱਲੀ : ਕੇਂਦਰ ਦੀ ਭਾਜਪਾ ਸਰਕਾਰ ਵਿਚ ਭਾਈਵਾਲ ਹੁੰਦਿਆਂ ਅਕਾਲੀ ਦਲ ਹੁਣ ਖੁਦ ਨੂੰ ਸਿੱਖ ਹਿਤੈਸ਼ੀ ਸਾਬਤ ਕਰਨ ਲਈ ਆਪਣੀ ਭਾਈਵਾਲ ਸਰਕਾਰ ਖਿਲਾਫ ਡਟ ਗਿਆ ਹੈ। ਰਾਜ ਸਭਾ ਵਿੱਚ ਅਕਾਲੀ ਆਗੂ ਨਰੇਸ਼ ਗੁਜਰਾਲ ਨੇ ਸਿਫਰ ਕਾਲ ਦੌਰਾਨ 1984 ਸਿੱਖ ਨਸਲਕੁਸ਼ੀ ਦਾ ਮੁੱਦਾ ਚੁੱਕਦਿਆਂ ਭਾਰਤ ਸਰਕਾਰ ਵੱਲੋਂ ਲੰਘੇ ਦਿਨ ਦਿੱਤਾ ਬਿਆਨ ਵਾਪਸ ਲੈਣ ਦੀ ਮੰਗ ਕੀਤੀ। ਸੰਸਦ ਵਿਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕੇਂਦਰ ਸਰਕਾਰ ਖਿਲਾਫ਼ ਇਸ ਮੁੱਦੇ ‘ਤੇ ਆਵਾਜ਼ ਬੁਲੰਦ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …