ਪਾਣੀਪਤ/ਬਿਊਰੋ ਨਿਊਜ਼
ਜਾਟ ਰਾਖਵਾਂਕਰਨ ਦਾ ਮੁੱਦਾ ਹਰਿਆਣਾ ਦੀ ਖੱਟਰ ਸਰਕਾਰ ਲਈ ਮੁਸੀਬਤ ਹੀ ਬਣ ਗਿਆ ਹੈ। ਸਰਕਾਰ ਨੇ ਜਾਟਾਂ ਦੇ 31 ਮਾਰਚ ਦੇ ਅਲਟੀਮੇਟਮ ਨੂੰ ਵੇਖਦਿਆਂ ਬੇਸ਼ੱਕ ਅੱਜ ਵਿਧਾਨ ਸਭਾ ਵਿੱਚ ਜਾਟ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਪਰ ਹੁਣ ਭਾਜਪਾ ਦੇ ਆਪਣੇ ਹੀ ਸੰਸਦ ਮੈਂਬਰ ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗੇ ਹਨ। ਕੁਰੂਕਸ਼ੇਤਰ ਤੋਂ ਭਾਜਪਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਕਿਹਾ ਹੈ ਕਿ ਜਾਟਾਂ ਨੂੰ ਰਾਖਵਾਂਕਰਨ ਦੇਣਾ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਜਾਟਾਂ ਨੂੰ ਰਾਖਵਾਂਕਰਨ ਦੇਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਰਾਜ ਕੁਮਾਰ ਸੈਣੀ ਨੇ ਜਾਟ ਰਾਖਵੇਂਕਰਨ ਬਿੱਲ ‘ਤੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੀ ਅਣਦੇਖੀ ਕੀਤੀ ਹੈ। ਬੀਸੀ ਦੇ ਹਿੱਸੇ ਦਾ ਰਾਖਵਾਂਕਰਨ ਜਾਟਾਂ ਨੂੰ ਦਿੱਤਾ ਗਿਆ ਹੈ। ਇਹ ਗਲਤ ਹੈ। ਸੁਪਰੀਮ ਕੋਰਟ ਨੇ ਜਿਸ ਜਾਤੀ ਨੂੰ ਪੱਛੜਿਆ ਨਹੀਂ ਮੰਨਿਆ, ਅੱਜ ਉਨ੍ਹਾਂ ਦੇ ਦਬਾਅ ਹੇਠ ਬੀਸੀ ਦਾ ਹੱਕ ਖੋਹ ਲਿਆ ਗਿਆ ਹੈ। ਇਸ ਨੂੰ ਬੀਸੀ ਕੋਟੇ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਹੱਕ ਲਈ ਹੁਣ ਅੰਦੋਲਨ ਹੋਏਗਾ ਤੇ ਉਹ ਸੁਪਰੀਮ ਕੋਰਟ ਵਿਚ ਵੀ ਚੁਣੌਤੀ ਦੇਣਗੇ। ਇਸੇ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਕੈਪਟਨ ਅਜੇ ਯਾਦਵ ਨੇ ਜਾਟਾਂ ਨੂੰ ਓਬੀਸੀ ਕੋਟੇ ਤਹਿਤ ਰਾਖਵਾਂਕਰਨ ਦਿੱਤੇ ਜਾਣ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਾਟਾਂ ਨੇ ਗੰਨ ਪੁਆਇੰਟ ‘ਤੇ ਰਾਖਵਾਂਕਰਨ ਲਿਆ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …