ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪ੍ਰੈਲ ਦੇ ਆਖਰੀ ਦਿਨਾਂ ਵਿਚ ਭਾਰਤ ਅਤੇ ਅੰਮ੍ਰਿਤਸਰ ਆ ਰਹੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਸੱਜਣ ਅਤੇ ਉਹਨਾਂ ਦੇ ਪਿਤਾ ਖਾਲਿਸਤਾਨ ਦੇ ਸਮਰਥਕ ਰਹੇ ਹਨ। ਅਜਿਹੇ ਵਿਚ ਉਨ੍ਹਾਂ ਨਾਲ ਮੇਰੀ ਮੁਲਾਕਾਤ ਦਾ ਕੋਈ ਸਵਾਲ ਨਹੀਂ ਉਠਦਾ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ‘ਤੇ ਹਰਜੀਤ ਸੱਜਣ ਅਤੇ ਉਹਨਾਂ ਦੇ ਪਰਿਵਾਰ ਨੂੰ ਖਾਲਿਸਤਾਨ ਸਮਰਥਕ ਕਰਾਰ ਦਿੰਦੇ ਹੋਏ ਕਿਹਾ ਕਿ ਸੱਜਣ ਹੀ ਨਹੀਂ ਬਲਕਿ ਕੈਨੇਡਾ ਵਿਚ ਜਸਟਿਸ ਟਰੂਡੋ ਸਰਕਾਰ ਵਿਚ ਪੰਜ ਮੰਤਰੀ ਖਾਲਿਸਤਾਨੀ ਸਮਰਥਕ ਹਨ ਅਤੇ ਉਹਨਾਂ ਪ੍ਰਤੀ ਉਹਨਾਂ ਦੇ ਮਨ ਵਿਚ ਕੋਈ ਉਤਸ਼ਾਹ ਨਹੀਂ ਹੈ। ਜ਼ਿਕਰਯੋਗ ਹੈ ਕਿ ਹਰਜੀਤ ਸੱਜਣ 20 ਅਪ੍ਰੈਲ ਨੂੰ ਅੰਮ੍ਰਿਤਸਰ ਆ ਰਹੇ ਹਨ। ਕੈਪਟਨ ਨੇ ਕਿਹਾ ਕਿ ਇਨ੍ਹਾਂ ਖਾਲਿਸਤਾਨੀ ਸਮਰਥਕਾਂ ਨੇ ਲੰਘੇ ਸਾਲ ਕੈਨੇਡਾ ਵਿਚ ਮੇਰੇ ਦੌਰੇ ਦਾ ਵਿਰੋਧ ਕੀਤਾ ਅਤੇ ਮੈਨੂੰ ਕੈਨੇਡਾ ਨਹੀਂ ਆਉਣ ਦਿੱਤਾ। ਜਦਕਿ ਮੈਂ ਉਥੇ ਆਪਣੇ ਪੰਜਾਬੀ ਭਰਾਵਾਂ ਨੂੰ ਮਿਲਣ ਜਾ ਰਿਹਾ ਸੀ, ਨਾ ਕਿ ਚੋਣ ਪ੍ਰਚਾਰ ਕਰਨ, ਪਰ ਇਨ੍ਹਾਂ ਸਾਰਿਆਂ ਨੇ ਮੇਰੇ ਖਿਲਾਫ ਮਾਹੌਲ ਬਣਾਇਆ ਅਤੇ ਕੈਨੇਡਾ ਵਿਚ ਮੇਰਾ ਦਾਖਲਾ ਨਹੀਂ ਹੋਣ ਦਿੱਤਾ। ਲੰਘੇ ਸਾਲ ਕੈਪਟਨ ਅਮਰਿੰਦਰ ਕੈਨੇਡਾ ਵਿਚ ਆਮ ਆਦਮੀ ਪਾਰਟੀ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬੀ ਪਰਵਾਸੀਆਂ ਨੂੰ ਕਾਂਗਰਸ ਦੇ ਨੇੜੇ ਲਿਆਉਣ ਲਈ ਜਾਣ ਵਾਲੇ ਸਨ। ਉਹਨਾਂ ਦਾ ਪੂਰਾ ਪ੍ਰੋਗਰਾਮ ਤੈਅ ਸੀ, ਪਰ ਕੈਨੇਡਾ ਵਿਚ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਵਿਰੋਧ ਕੀਤਾ ਗਿਆ ਅਤੇ ਕੈਨੇਡਾ ਸਰਕਾਰ ਨੇ ਵੀ ਆਖਰੀ ਮੌਕੇ ‘ਤੇ ਹੱਥ ਪਿੱਛੇ ਖਿੱਚ ਲਿਆ। ਇਸ ਦੇ ਚੱਲਦਿਆਂ ਉਹਨਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ਉਦੋਂ ਤੋਂ ਕੈਪਟਨ ਅਮਰਿੰਦਰ ਕੈਨੇਡਾ ਸਰਕਾਰ ਤੋਂ ਨਰਾਜ਼ ਹਨ ਅਤੇ ਇਸ ਵਾਰ ਆਪਣਾ ਗੁੱਸਾ ਜ਼ਾਹਰ ਵੀ ਕਰ ਦਿੱਤਾ ਹੈ।
ਪਾਕਿਸਤਾਨੀ ਕਲਾਕਾਰਾਂ ਦੇ ਪੱਖ ਵਿਚ : ਪਾਕਿਸਤਾਨੀ ਕਲਾਕਾਰਾਂ ‘ਤੇ ਭਾਰਤ ਵਿਚ ਪਾਬੰਦੀ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਉਹ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾਉਣ ਦੇ ਪੱਖ ਵਿਚ ਨਹੀਂ ਹਨ। ਉਹ ਉਹਨਾਂ ਨੂੰ ਪੰਜਾਬ ਵਿਚ ਸੱਦਾ ਦੇ ਕੇ ਖੁਸ਼ ਹੋਣਗੇ ਅਤੇ ਉਹ ਫਿਰ ਪਾਕਿਸਤਾਨ ਜਾਣਾ ਚਾਹੁੰਣਗੇ। ਇਹ ਸਮਾਂ ਹੈ ਜਦੋਂ ਦੁਸ਼ਮਣੀ ਨੂੰ ਬੁਲਾ ਕੇ ਪਾਕਿਸਤਾਨ ਦੇ ਨਾਲ ਦੋਸਤੀ ਕੀਤੀ ਜਾਵੇ।
ਕਿਹਾ : ਇਹੋ ਲੋਕ ਹਨ ਜਿਨ੍ਹਾਂ ਮੇਰੀ ਕੈਨੇਡਾ ਫੇਰੀ ਦਾ ਵਿਰੋਧ ਕਰਕੇ ਮੈਨੂੰ ਆਪਣੇ ਪੰਜਾਬੀ ਭਰਾਵਾਂ ਨਾਲ ਮਿਲਣ ਤੋਂ ਰੋਕਿਆ
ਆਮ ਆਦਮੀ ਪਾਰਟੀ ਹੱਕ ‘ਚ ਡਟੀ
‘ਆਪ’ ਵਿਧਾਇਕ ਖਹਿਰਾ ਨੇ ਹਰਜੀਤ ਸੱਜਣ ਦਾ ਸਾਥ ਦਿੰਦਿਆਂ ਅਮਰਿੰਦਰ ਦੇ ਬਿਆਨ ਦੀ ਨਿੰਦਾ ਕੀਤੀ।
ਐਸ ਜੀ ਪੀ ਸੀ ਵੱਲੋਂ ਸਨਮਾਨ
ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਅਸੀਂ ਕੈਨੇਡੀਅਨ ਮੰਤਰੀ ਹਰਜੀਤ ਸਿੰਘ ਦਾ ਸਨਮਾਨ ਕਰਾਂਗੇ।
ਦਿੱਲੀ ਜ਼ਿਮਨੀ ਚੋਣ ‘ਚ ਮਨਜਿੰਦਰ ਸਿਰਸਾ ਜੇਤੂ ‘ਆਪ’ ਉਮੀਦਵਾਰ ਦੀ ਜ਼ਮਾਨਤ ਜ਼ਬਤ
ਅੱਠ ਸੂਬਿਆਂ ਦੀਆਂ 10 ਸੀਟਾਂ ‘ਚੋਂ 5 ‘ਤੇ ਭਾਜਪਾ, 3 ‘ਤੇ ਕਾਂਗਰਸ ਜੇਤੂ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ‘ਤੇ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੂੰ ਕੁੱਲ 40602 ਵੋਟਾਂ ਪ੍ਰਾਪਤ ਹੋਈਆਂ ਹਨ। ਜਦੋਂ ਕਿ ਇੱਥੋਂ ਆਮ ਆਦਮੀ ਪਾਰਟੀ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ‘ਆਪ’ ਉਮੀਦਵਾਰ ਹਰਜੀਤ ਸਿੰਘ ਸਿਰਫ 10243 ਵੋਟਾਂ ਹੀ ਹਾਸਲ ਕਰ ਸਕੇ ਅਤੇ ਉਹ ਤੀਜੇ ਨੰਬਰ ‘ਤੇ ਖਿਸਕ ਗਏ। ਉੱਥੇ ਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਮੀਨਾਕਸ਼ੀ ਚੰਦੇਲਾ ਦੂਜੇ ਨੰਬਰ ‘ਤੇ ਰਹੀ। ਉਨ੍ਹਾਂ ਨੂੰ ਕੁੱਲ 25950 ਵੋਟਾਂ ਮਿਲੀਆਂ ਹਨ।ઠਜ਼ਿਕਰਯੋਗ ਹੈ ਕਿ ਅੱਠ ਸੂਬਿਆਂ ਦੀਆਂ 10 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣ ਹੋਈ ਸੀ। ਜਿਸ ਵਿਚੋਂ ਭਾਜਪਾ ਨੇ ਦਿੱਲੀ, ਹਿਮਾਚਲ ਪ੍ਰਦੇਸ਼, ਅਸਾਮ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਇਕ-ਇਕ ਸੀਟ ਜਿੱਤ ਲਈ ਹੈ। ਜਦੋਂ ਕਿ ਕਾਂਗਰਸ ਨੇ ਮੱਧ ਪ੍ਰਦੇਸ਼ ਵਿਚ ਇਕ ਅਤੇ ਕਰਨਾਟਕਾ ‘ਚ ਦੋ ਸੀਟਾਂ ਜਿੱਤ ਲਈਆਂ ਹਨ। ਪੱਛਮੀ ਬੰਗਾਲ ਵਿਚ ਇਕ ਸੀਟ ‘ਤੇ ਤ੍ਰਿਣਮੂਲ ਕਾਂਗਰਸ ਤੇ ਝਾਰਖੰਡ ਵਿਚ ਝਾਰਖੰਡ ਮੁਕਤੀ ਮੋਰਚਾ ਨੇ ਇਕ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਇੰਝ 10 ਵਿਚੋਂ ਪੰਜ ਸੀਟਾਂ ‘ਤੇ ਭਾਜਪਾ, ਤਿੰਨ ‘ਤੇ ਕਾਂਗਰਸ ਅਤੇ ਦੋ ‘ਤੇ ਹੋਰ ਦਲਾਂ ਨੇ ਜਿੱਤ ਹਾਸਲ ਕੀਤੀ। ਪਰ ਦਿੱਲੀ ਵਿਚ ਦੋ ਸਾਲ ਪਹਿਲਾਂ 67 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਜੌਰੀ ਗਾਰਡਨ ਸੀਟ ‘ਤੇ ਜ਼ਮਾਨਤ ਤੱਕ ਨਹੀਂ ਬਚਾ ਸਕਿਆ, ਜਿਸ ਨੂੰ ਵੇਖਦਿਆਂ ਹੁਣ ਇਸ ਗੱਲ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਦਿੱਲੀ ਵਿਚ 23 ਅਪ੍ਰੈਲ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਹੁਣ ਕਿਹੋ ਜਿਹਾ ਹੋਵੇਗਾ।