10.6 C
Toronto
Saturday, October 18, 2025
spot_img
Homeਹਫ਼ਤਾਵਾਰੀ ਫੇਰੀਕੇਜਰੀਵਾਲ ਦਾ ਜਲੰਧਰ 'ਚ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਕੇਜਰੀਵਾਲ ਦਾ ਜਲੰਧਰ ‘ਚ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਜਾਰੀ ਰੱਖਣ ‘ਤੇ ਇਤਰਾਜ਼
ਜਲੰਧਰ/ਬਿਊਰੋ ਨਿਊਜ਼ : ਪੰਜਾਬ ‘ਚ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਰਾਜਸੀ ਸਰਗਰਮੀਆਂ ਜਾਰੀ ਰੱਖਣ ਦੇ ਵਿਰੋਧ ਵਿਚ ਕਿਸਾਨਾਂ ਨੇ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਲੰਧਰ ‘ਚ ਡਟਵਾਂ ਵਿਰੋਧ ਕੀਤਾ। ਕਾਰੋਬਾਰੀਆਂ ਨਾਲ ਮੀਟਿੰਗ ਲਈ ਪੁੱਜਣ ‘ਤੇ ਕੇਜਰੀਵਾਲ ਖਿਲਾਫ ਕਿਸਾਨਾਂ ਨੇ ਕਾਲੀ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ‘ਆਪ’ ਦੇ ਇਕ ਕਾਰਕੁਨ ਨੇ ਕਿਸਾਨਾਂ ਨੂੰ ਅਪਸ਼ਬਦ ਆਖੇ। ਗੁੱਸੇ ਵਿਚ ਆਏ ਨੌਜਵਾਨ ਕਿਸਾਨਾਂ ਨੇ ਅਰਵਿੰਦ ਕੇਜਰੀਵਾਲ ਦੇ ਸਵਾਗਤ ਲਈ ਲਾਏ ਹੋਰਡਿੰਗ ਬੋਰਡ ਪਾੜ ਸੁੱਟੇ ਅਤੇ ਨੈਸ਼ਨਲ ਹਾਈਵੇਅ ‘ਤੇ ਜਾਮ ਲਾ ਦਿੱਤਾ। ਹਾਲਾਤ ਵਿਗੜਦੇ ਦੇਖ ਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਕੇਜਰੀਵਾਲ ਅਤੇ ਕਾਰੋਬਾਰੀਆਂ ਵਿਚਕਾਰ ਮੀਟਿੰਗ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ‘ਤੇ ਇਕ ਰਿਜ਼ੋਰਟ ਵਿਚ ਰੱਖੀ ਗਈ ਸੀ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ‘ਆਪ’ ਦਾ ਇਕ ਆਗੂ ਕਿਸਾਨਾਂ ਨੂੰ ਬੁਰਾ-ਭਲਾ ਕਹਿ ਕੇ ਰਿਜ਼ੌਰਟ ਅੰਦਰ ਚਲਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ‘ਆਪ’ ਆਗੂ ਅਪਸ਼ਬਦ ਬੋਲੇ ਜਾਣ ਬਾਰੇ ਮੁਆਫ਼ੀ ਨਹੀਂ ਮੰਗਦਾ, ਉਦੋਂ ਤੱਕ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਪੁਲਿਸ ਨੇ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ‘ਆਪ’ ਦੇ ਉਸ ਕਾਰਕੁਨ ਕੋਲੋਂ ਮੁਆਫੀ ਮੰਗਵਾਈ ਅਤੇ ਉਸ ਨੂੰ ਰਿਜ਼ੌਰਟ ਵਿਚੋਂ ਕੱਢ ਕੇ ਆਪਣੇ ਨਾਲ ਲੈ ਗਈ। ਨੌਜਵਾਨ ਕਿਸਾਨ ਇਸ ਗੱਲ ਤੋਂ ਭੜਕੇ ਹੋਏ ਸਨ ਕਿ ਜਦੋਂ ਆਮ ਆਦਮੀ ਪਾਰਟੀ ਨੇ ਕਿਸਾਨ ਜਥੇਬੰਦੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਚੋਣਾਂ ਦੇ ਐਲਾਨ ਤੋਂ ਪਹਿਲਾਂ ਕੋਈ ਵੀ ਇਕੱਠ ਨਹੀਂ ਕਰਨਗੇ ਤਾਂ ਇਸ ਦੇ ਬਾਵਜੂਦ ‘ਆਪ’ ਦੀ ਸੂਬਾਈ ਲੀਡਰਸ਼ਿਪ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਸਰਗਰਮੀਆਂ ਵਿਚ ਰੁੱਝੇ ਹੋਏ ਹਨ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਸਲਿੰਦਰ ਸਿੰਘ ਨੇ ਕਿਹਾ ਕਿ ‘ਆਪ’ ਦੇ ਵਰਕਰਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ। ਉਂਜ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਦੋ ਦਿਨਾਂ ਦੌਰੇ ਦੌਰਾਨ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ‘ਆਪ’ ਨੇ ਪਹਿਲਾਂ ਹੀ ਮੀਡੀਆ ਨੂੰ ਸੁਨੇਹੇ ਭੇਜ ਦਿੱਤੇ ਸਨ ਕਿ ਅਰਵਿੰਦ ਕੇਜਰੀਵਾਲ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਨਹੀਂ ਕਰਨਗੇ।
ਕੇਜਰੀਵਾਲ ਨੇ ਕਾਰੋਬਾਰੀਆਂ ਨਾਲ ਕੀਤੇ ਵਾਅਦੇ
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਉਦਯੋਗ, ਵਪਾਰ ਅਤੇ ਕਾਰੋਬਾਰ ਦੇ ਵਿਕਾਸ ਦੀ ਬਿਹਤਰੀ ਲਈ ਕਈ ਵਾਅਦੇ ਕੀਤੇ ਹਨ। ਉਨ੍ਹਾਂ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਸਰਕਾਰ ਬਣਾਉਣ ਵਿੱਚ ਉਹ ਆਪਣਾ ਯੋਗਦਾਨ ਪਾਉਣ। ਜਲੰਧਰ ਵਿਚ ਇੱਕ ਰਿਜ਼ੌਰਟ ‘ਚ ਕੇਜਰੀਵਾਲ ਨੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਦਿਆਂ ਕਿਹਾ, ”ਤੁਸੀਂ ਕਾਂਗਰਸ ਵਿੱਚ ਕੈਪਟਨ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਾਦਲਾਂ ਨੂੰ ਪਰਖ਼ ਕੇ ਦੇਖ ਲਿਆ ਹੈ। ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਦਿਓ।” ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਲਾਲ ਫੀਤਾਸ਼ਾਹੀ ਅਤੇ ਗੁੰਡਾ ਟੈਕਸ ਨੂੰ ਵੀ ਖਤਮ ਕਰਾਂਗੇ।
ਇਸੇ ਦੌਰਾਨ ਭਗਵੰਤ ਮਾਨ ਨੇ ਕੇਜਰੀਵਾਲ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਪਾਰਟੀਆਂ ‘ਆਪ’ ਨੂੰ ਦੇਖ ਦੇ ਰਾਜਨੀਤਕ ਏਜੰਡੇ ਤੈਅ ਕਰਨ ਲੱਗ ਪਈਆਂ ਹਨ। ਇਸ ਮੌਕੇ ਜਰਨੈਲ ਸਿੰਘ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਮਾਸਟਰ ਬਲਦੇਵ ਸਿੰਘ, ਪ੍ਰੋ. ਬਲਜਿੰਦਰ ਕੌਰ ਅਤੇ ਹੋਰ ਆਗੂ ਮੌਜੂਦ ਸਨ। ਇਸੇ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਹਾਜ਼ਰੀ ‘ਚ ਪਠਾਨਕੋਟ ਤੋਂ ਸੱਤਾਧਾਰੀ ਕਾਂਗਰਸ ਦੇ ਲਗਾਤਾਰ ਪੰਜ ਵਾਰ ਕੌਂਸਲਰ ਅਤੇ ਪਠਾਨਕੋਟ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਸੂਬਾ ਜਨਰਲ ਸਕੱਤਰ ਤੇ ਬੀਰ ਪਿੰਡ ਦੀ ਲਗਾਤਾਰ ਤਿੰਨ ਵਾਰ ਐਵਾਰਡ ਜੇਤੂ ਸਰਪੰਚ ਅਤੇ ਨਕੋਦਰ ਤੋਂ ਬਲਾਕ ਸੰਮਤੀ ਪ੍ਰਧਾਨ ਰਹੀ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।

RELATED ARTICLES
POPULAR POSTS