Breaking News
Home / ਹਫ਼ਤਾਵਾਰੀ ਫੇਰੀ / ਲਖੀਮਪੁਰ ਖੀਰੀ ‘ਚ ਮਨਾਇਆ ‘ਸ਼ਹੀਦ ਕਿਸਾਨ ਦਿਵਸ’

ਲਖੀਮਪੁਰ ਖੀਰੀ ‘ਚ ਮਨਾਇਆ ‘ਸ਼ਹੀਦ ਕਿਸਾਨ ਦਿਵਸ’

ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ: ਕਿਸਾਨ ਮੋਰਚਾ
ਲਖੀਮਪੁਰ ਖੀਰੀ (ਯੂਪੀ)/ਬਿਊਰੋ ਨਿਊਜ਼ : ਯੂਪੀ ਦੇ ਲਖੀਮਪੁਰ ਖੀਰੀ ਵਿਚ ਮੰਗਲਵਾਰ ਨੂੰ ‘ਸ਼ਹੀਦ ਕਿਸਾਨ ਦਿਵਸ’ ਮਨਾਇਆ ਗਿਆ। ਲਖੀਮਪੁਰ ਹਿੰਸਾ ਦੌਰਾਨ ਸ਼ਹੀਦ ਹੋਏ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੀ ਇਥੇ ਤਿਕੋਨੀਆ ਪਿੰਡ ਨੇੜੇ ਹੋਈ ਸਾਂਝੀ ‘ਅੰਤਿਮ ਅਰਦਾਸ’ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਦਾ ਘੇਰਾ ਹੋਰ ਮੋਕਲਾ ਕਰਨ ਦਾ ਸੰਕਲਪ ਦੁਹਰਾਇਆ। ਆਗੂਆਂ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਦੀ ਫਿਰਕੂ ਤੇ ਫੁੱਟਪਾਊ ਸਿਆਸਤ ਜ਼ਰੀਏ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਧਿਆਨ ਰਹੇ ਕਿ ਲਖੀਮਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਨੇ ਗੱਡੀ ਚੜ੍ਹਾ ਦਿੱਤੀ ਸੀ, ਜਿਸ ਦੌਰਾਨ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਣੇ 9 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ, ਜਿਨ੍ਹਾਂ ਵਿੱਚ ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਂਹਾ, ਧਰਮਿੰਦਰ ਮਲਿਕ ਸ਼ਾਮਲ ਸਨ, ਤੋਂ ਇਲਾਵਾ ਸਥਾਨਕ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ‘ਅੰਤਿਮ ਅਰਦਾਸ’ ਦੌਰਾਨ ਕਿਸਾਨਾਂ ਤੇ ਪੱਤਰਕਾਰ ਨੂੰ ਸ਼ਰਧਾਂਜਲੀਆਂ ਦਿੱਤੀਆਂ। ਰਾਕੇਸ਼ ਟਿਕੈਤ ਨੇ ਕਿਹਾ ਕਿ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਅਹੁਦੇ ਤੋਂ ਹਟਾਇਆ ਗਿਆ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਪ੍ਰਿਯੰਕਾ ਗਾਂਧੀ, ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ, ਅਜੈ ਕੁਮਾਰ ਲੱਲੂ ਤੇ ਹੋਰਨਾਂ ਕਾਂਗਰਸੀ ਆਗੂਆਂ ਨਾਲ ਦੁਪਹਿਰ ਇਕ ਵਜੇ ਦੇ ਕਰੀਬ ‘ਅੰਤਿਮ ਅਰਦਾਸ’ ਵਾਲੇ ਪੰਡਾਲ ਵਿੱਚ ਪੁੱਜੇ। ਹੋਰਨਾਂ ਸਿਆਸੀ ਆਗੂਆਂ ਵਿੱਚ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਯਾਦਵ, ਡਾ.ਆਰ.ਏ.ਉਸਮਾਨੀ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ ਵੀ ਮੌਜੂਦ ਸਨ। ਮੋਰਚੇ ਵੱਲੋਂ ਕੀਤੇ ਐਲਾਨ ਮੁਤਾਬਕ ਕਿਸੇ ਵੀ ਸਿਆਸੀ ਆਗੂ ਨੂੰ ਸਟੇਜ ਸਾਂਝੀ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਅੰਤਿਮ ਅਰਦਾਸ ਵਿੱਚ ਸਿਰਫ਼ ਉੱਤਰ ਪ੍ਰਦੇਸ਼ ਤੇ ਲਖੀਮਪੁਰ ਜ਼ਿਲ੍ਹੇ ਦੇ ਕਿਸਾਨ ਹੀ ਨਹੀਂ ਬਲਕਿ ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਹੋਰਨਾਂ ਰਾਜਾਂ ਦੇ ਕਿਸਾਨ ਵੀ ਸ਼ਾਮਲ ਹੋਏ। ਯੂਪੀ ਸਰਕਾਰ ਨੇ ਲੋਕਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਪੁਲਿਸ ਰੋਕਾਂ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿੱਚ ਤਿਕੋਨੀਆ ਪੁੱਜਣ ਵਿੱਚ ਸਫ਼ਲ ਰਹੇ। ਕਿਸਾਨਾਂ ਨੇ ਸਪਸ਼ਟ ਐਲਾਨ ਕੀਤਾ ਕਿ ਉਹ ਭਾਜਪਾ-ਆਰਐੱਸਐੱਸ ਦੀ ਵੰਡਪਾਊ ਸਿਆਸਤ ਨੂੰ ਉਨ੍ਹਾਂ ਦਾ ਏਕਾ ਤੋੜਨ ਦੀ ਇਜਾਜ਼ਤ ਨਹੀਂ ਦੇਣਗੇ। ਮੋਰਚੇ ਦੇ ਆਗੂਆਂ ਨੇ ਇਕ ਬਿਆਨ ਵਿੱਚ ਕਿਹਾ, ”ਇਕ ਸ਼ਾਂਤਮਈ ਤੇ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਹੁਣ ਤੱਕ ਪੂਰੇ ਦੇਸ਼ ਨੇ ਵੇਖਿਆ ਹੈ। ਅਸੀਂ ਅੰਦੋਲਨ ਨੂੰ ਲੀਹੋਂ ਉਤਰਨ ਨਹੀਂ ਦੇਵਾਂਗੇ ਤੇ ਹੋਰ ਮਜ਼ਬੂਤ ਹੋ ਕੇ ਨਿਕਲਾਂਗੇ।” ਉਨ੍ਹਾਂ ਕਿਹਾ ਕਿ ਲਖੀਮਪੁਰ ਹਿੰਸਾ ਮਾਮਲੇ ‘ਚ ਪੀੜਤਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਸ਼ਰਧਾਂਜਲੀ ਸਮਾਗਮ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ.ਦਰਸ਼ਨ ਪਾਲ, ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਆਦਿ ਨੇ ਵੀ ਸੰਬੋਧਨ ਕੀਤਾ।
ਤਿਕੋਨੀਆ ਦੇ ਸਾਹਿਬਜ਼ਾਦਾ ਇੰਟਰ ਕਾਲਜ ਦੇ ਖੁੱਲ੍ਹੇ ਮੈਦਾਨ ਵਿੱਚ ਲੱਗੀ ਸਟੇਜ ‘ਤੇ ਬਹਿਰਾਈਚ ਜ਼ਿਲ੍ਹੇ ਨਾਲ ਸਬੰਧਤ ਪੀੜਤ ਕਿਸਾਨ ਦਲਜੀਤ ਸਿੰਘ ਤੇ ਗੁਰਵਿੰਦਰ ਸਿੰਘ, ਖੀਰੀ ਜ਼ਿਲ੍ਹੇ ਦੇ ਕਿਸਾਨ ਨਛੱਤਰ ਸਿੰਘ ਤੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਨਿਗਹਾਸਨ (ਖੀਰੀ) ਦੇ ਪੱਤਰਕਾਰ ਰਮਨ ਕਸ਼ਯਪ ਦਾ ਭਰਾ ਤੇ ਧੀ ਉਨ੍ਹਾਂ ਦੀਆਂ ਫੋਟੋਆਂ ਲੈ ਕੇ ਬੈਠੇ ਹੋਏ ਸਨ। ਇਸ ਤੋਂ ਪਹਿਲਾਂ ਪਿੰਡ ਦੇ ਕੌਡੀਆਲਾ ਘਾਟ ਗੁਰਦੁਆਰਾ ਸਾਹਿਬ ਵਿੱਚ ‘ਅਖੰਡ ਪਾਠ’ ਦੇ ਭੋਗ ਪਾਏ ਗਏ। ਪ੍ਰੋਗਰਾਮ ਵਾਲੀ ਥਾਂ ਪੰਡਾਲ ਦੇ ਅੰਦਰ ਤੇ ਬਾਹਰ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ।
ਕਿਸਾਨਾਂ ਦੇ ਪੰਜ ਵੱਡੇ ਫੈਸਲੇ
ੲ 16 ਅਕਤੂਬਰ ਨੂੰ ਪੂਰੇ ਦੇਸ਼ ‘ਚ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਜਾਣਗੇ।
ੲ 18 ਅਕਤੂਬਰ ਨੂੰ ਰੇਲ ਗੱਡੀਆਂ ਰੋਕੀਆਂ ਜਾਣਗੀਆਂ।
ੲ 24 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ੲ 25 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਦਾ ਸ਼ਹੀਦੀ ਸਮਾਰਕ ਬਣਾਇਆ ਜਾਵੇਗਾ।
ੲ 26 ਅਕਤੂਬਰ ਨੂੰ ਲਖਨਊ ‘ਚ ਮਹਾਂਪੰਚਾਇਤ ਹੋਵੇਗੀ।

 

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …