
ਨਵੀਂ ਦਿੱਲੀ : ਨਵਜੋਤ ਸਿੰਘ ਸਿੱਧੂ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ। ਸਿੱਧੂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਮਰ ਜਾਵਾਂਗੇ, ਪਰ ਅੰਬਾਨੀ ਅਤੇ ਅਡਾਨੀਆਂ ਨੂੰ ਪੰਜਾਬ ਵਿਚ ਨਹੀਂ ਵੜਨ ਦਿਆਂਗੇ। ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਫੈਸਲਿਆਂ ਨਾਲ ਪੰਜਾਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਦੀ ਪੱਗ ਨੂੰ ਹੱਥ ਪਾ ਰਹੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦੀ ਪੱਗ ਨੂੰ ਹੱਥ ਪਾਉਣ ਵਾਲੇ ਦਾ ਹੱਥ ਤੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚ ਰੇਲਾਂ ਰੋਕੀਆਂ ਹਨ, ਸਮਾਨ ਨਹੀਂ ਪੁੱਜਣ ਦਿੱਤਾ ਜਾ ਰਿਹਾ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕੈਪਟਨ ਦਾ ਧਰਨਾ ਡਰਾਮਾ : ਸੁਖਬੀਰ
ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਦਾ ਦਿੱਲੀ ਵਿਚ ਧਰਨਾ ਡਰਾਮਾ ਹੈ। ਉਹ ਤਾਂ ਕੇਂਦਰ ਸਰਕਾਰ ਨਾਲ ਦੋਸਤਾਨਾ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੈਪਟਨ ਸੱਚ ਮੁੱਚ ਕਿਸਾਨਾਂ ਦੇ ਹਿਤੈਸ਼ੀ ਹਨ ਤਾਂ ਉਹ ਮਰਨ ਵਰਤ ‘ਤੇ ਬੈਠਣ।
ਕੈਪਟਨ ਕਿਸਾਨਾਂ ਨੂੰ ਪੂਰੀ ਐਮਐਸਪੀ ਦੇਣ : ਭਗਵੰਤ
ਖੇਤੀ ਕਾਨੂੰਨਾਂ ਦੇ ਵਿਰੋਧ ‘ਆਪ’ ਨੇ ਚੰਡੀਗੜ੍ਹ ਵਿਚ ਧਰਨਾ ਦਿੱਤਾ ਅਤੇ ਮੰਗ ਕੀਤੀ ਕਿ ਜਾਂ ਤਾਂ ਕੈਪਟਨ ਅਮਰਿੰਦਰ ਕਿਸਾਨਾਂ ਨੂੰ ਐਮਐਸਪੀ ਦੇਣ ਜਾਂ ਫਿਰ ਅਹੁਦੇ ਤੋਂ ਅਸਤੀਫਾ ਦੇਣ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਦੇਣ ਦੀ ਬਜਾਏ ਕੈਪਟਨ ਇੱਧਰ-ਉਧਰ ਜਾ ਕੇ ਡਰਾਮੇਬਾਜ਼ੀ ਕਰ ਰਹੇ ਹਨ।
ਕਾਲੇ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ‘ਚ ਗੂੰਜੇ ਨਾਅਰੇ
ਪੰਜਾਬ ‘ਚ 4 ਘੰਟਿਆਂ ਲਈ ਸੜਕਾਂ ਬਿਲਕੁਲ ਹੋਈਆਂ ਸੁੰਨੀਆਂ
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ਵਿਚ ਰੋਸ ਦੀ ਲਹਿਰ ਹੈ। ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵੀਰਵਾਰ ਨੂੰ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰਨ ਤੌਰ ‘ਤੇ ਚੱਕਾ ਜਾਮ ਕੀਤਾ ਗਿਆ। ਇਸ ਚੱਕਾ ਜਾਮ ਨੂੰ ਪੰਜਾਬ ਵਿਚ ਪੂਰਨ ਤੌਰ ‘ਤੇ ਹੁੰਗਾਰਾ ਮਿਲਿਆ ਅਤੇ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੜਕਾਂ ਬਿਲਕੁਲ ਹੀ ਸੁੰਨੀਆਂ ਹੋ ਗਈਆਂ ਸਨ। ਪੰਜਾਬ ਦੀਆਂ ਸਾਰੀਆਂ ਮੇਨ ਸੜਕਾਂ ‘ਤੇ ਕਿਸਾਨਾਂ ਵਲੋਂ ਧਰਨੇ ਲਗਾਏ ਗਏ ਅਤੇ ਆਵਾਜਾਈ ਨੂੰ ਰੋਕੀ ਰੱਖਿਆ ਅਤੇ ਸਿਰਫ ਐਂਬੂਲੈਂਸਾਂ ਨੂੰ ਹੀ ਲੰਘਣ ਦਿੱਤਾ ਗਿਆ। ਧਰਨਿਆਂ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।