‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ
ਲਖਨਊ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਵਿਚ ਪੈਂਦੇ ਹਾਥਰਸ ਜ਼ਿਲ੍ਹੇ ਦੇ ਫੁੱਲਰਈ ਵਿਚ ਇਕ ਧਾਰਮਿਕ ਸਥਾਨ ‘ਤੇ ਸਤਸੰਗ ਦੌਰਾਨ ਭਗਦੜ ਮਚਣ ਕਾਰਨ 123 ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਜਿਸ ਸਥਾਨ ‘ਤੇ ਭੋਲੇ ਬਾਬਾ ਦਾ ਸਤਿਸੰਗ ਹੋ ਰਿਹਾ ਸੀ ਉਸ ਹਾਲ ਦਾ ਗੇਟ ਛੋਟਾ ਸੀ ਅਤੇ ਇਸ ਹਾਲ ਵਿਚੋਂ ਸ਼ਰਧਾਲੂਆਂ ਦੇ ਬਾਹਰ ਨਿਕਲਣ ਸਮੇਂ ਭਗਦੜ ਮਚ ਗਈ। ਇਸ ਭਗਦੜ ਦੌਰਾਨ ਕਈ ਸ਼ਰਧਾਲੂ ਇਕ ਦੂਜੇ ‘ਤੇ ਡਿੱਗ ਗਏ ਅਤੇ ਕਈ ਵਿਅਕਤੀ ਡਿੱਗੇ ਹੋਏ ਸਰਧਾਲੂਆਂ ਦੇ ਉਪਰੋਂ ਦੀ ਲੰਘਦੇ ਗਏ। ਮ੍ਰਿਤਕਾਂ ਵਿਚ ਬਹੁਗਿਣਤੀ ਔਰਤਾਂ ਦੀ ਹੈ ਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ। ਇਹ ਸਤਿਸੰਗ ਭੋਲੇ ਬਾਬਾ ਨਾਂ ਦੇ ਸਾਧ ਵੱਲੋਂ ਕਰਵਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਭੋਲੇ ਬਾਬਾ ਫਰਾਰ ਹੋ ਗਿਆ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ। ਸਿਕੰਦਰ ਰਾਓ ਦੇ ਸਬਡਿਵੀਜ਼ਨ ਮੈਜਿਸਟਰੇਟ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਰਧਾਲੂ ਭੋਲੇ ਬਾਬਾ ਦੀ ਇਕ ਝਲਕ ਪਾਉਣ ਲਈ ਅੱਗੇ ਵਧੇ ਤਾਂ ਭਗਦੜ ਮਚ ਗਈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਬਾਬੇ ਦੇ ਪੈਰਾਂ ਹੇਠੋਂ ਮਿੱਟੀ ਲੈਣ ਲਈ ਕਾਹਲੇ ਸਨ। ਸਿਕੰਦਰਾ ਰਾਓ ਪੁਲਿਸ ਥਾਣੇ ਦੇ ਐੱਸਐੱਚਓ ਆਸ਼ੀਸ਼ ਕੁਮਾਰ ਨੇ ਕਿਹਾ ਕਿ ਸਤਿਸੰਗ ਵਿਚ ਲੋੜੋਂ ਵੱਧ ਭੀੜ ਕਰਕੇ ਭਗਦੜ ਮਚੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਹਾਥਰਸ ਹਾਦਸਾ ਮਾਮਲੇ ‘ਚ ਧਾਰਮਿਕ ਸਭਾ ਦੇ ਪ੍ਰਬੰਧਕਾਂ ਖਿਲਾਫ ਐਫ਼.ਆਈ.ਆਰ. ਦਰਜ
ਲਖਨਊ : ਉਤਰ ਪ੍ਰਦੇਸ਼ ਵਿਚ ਇਕ ਧਾਰਮਿਕ ਸਥਾਨ ‘ਤੇ ਸਤਸੰਗ ਤੋਂ ਬਾਅਦ ਮਚੀ ਭਗਦੜ ਦੌਰਾਨ ਹੋਈਆਂ ਮੌਤਾਂ ਦੇ ਮਾਮਲੇ ਵਿਚ ਧਾਰਮਿਕ ਸਭਾ ਦੇ ਪ੍ਰਬੰਧਕਾਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰ ਲਈ ਹੈ। ਇਸ ਹਾਦਸੇ ਤੋਂ ਬਾਅਦ ਧਾਰਮਿਕ ਸਥਾਨ ਦਾ ਮੁਖੀ ਭੋਲੇ ਬਾਬਾ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਇਸ ਐਫ.ਆਈ.ਆਰ. ਵਿਚ ਭੋਲੇ ਬਾਬਾ ਦਾ ਨਾਮ ਨਹੀਂ ਹੈ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਇਸ ਭਿਆਨਕ ਹਾਦਸੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕਰ ਦਿੱਤਾ ਗਿਆ ਹੈ। ਹਾਈਕੋਰਟ ਦੇ ਰਿਟਾਇਰਡ ਜੱਜ ਅਤੇ ਪੁਲਿਸ ਦੇ ਸੀਨੀਅਰ ਰਿਟਾਇਰਡ ਅਫਸਰਾਂ ਦੀ ਟੀਮ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚਿੱਟ ਕੱਪੜੀਆ ਬਾਬਾ, ਕਾਲੀ ਉਹਦੀ ਫੌਜ
ਚਿੱਟ ਕੱਪੜੀਆ ਬਾਬਾ, ਜਿਸਦਾ ਨਾਮ ਨਰਾਇਣ ਸਾਕਾਰ ਹਰਿ ‘ਭੋਲੇ’ ਬਾਬਾ (ਅਸਲ ਨਾਮ ਸੂਰਜਪਾਲ ਜਾਟਵ) ਹੈ ਅਤੇ ਉਸਦੀ ਸੁਰੱਖਿਆ ਵਿਚ ਲੱਗੇ ਸੇਵਾਦਾਰਾਂ ਦੀ ਵਰਦੀ ਕਾਲੀ ਹੈ। ਸਤਰੰਗ ਤੋਂ ਬਾਅਦ ਹੋਈਆਂ ਮੌਤਾਂ ਦੀ ਅਸਲ ਕਹਾਣੀ ਇਸ ਬਾਬਾ ਦੀ ‘ਚਰਨ ਰਜ’ ਅਤੇ ਉਸ ‘ਪਾਣੀ ਦੇ ਰਜ’ ਵਿਚ ਲੁਕੀ ਹੋਈ ਹੈ। ਦਰਅਸਲ ਲੋਕਾਂ ਨੂੰ ਵਿਸ਼ਵਾਸ ਹੈ ਕਿ ਸਤਸੰਗ ਤੋਂ ਬਾਅਦ ਜਿਹੜਾ ਪਾਣੀ ਵੰਡਿਆ ਜਾਂਦਾ ਹੈ ਕਿ ਉਸ ਨਾਲ ਲੋਕ ਨਿਰੋਗੀ ਅਤੇ ਸਿਹਤਯਾਬ ਹੋ ਜਾਂਦੇ ਹਨ। ਇਹ ਵੀ ਦੱਸਿਆ ਗਿਆ ਕਿ ਆਸ਼ਰਮ ਵਿਚ ਲੱਗੇ ਇਕ ਹੈਂਡਪੰਪ ਦਾ ਪਾਣੀ ਪੀਣ ਲਈ ਵੀ ਲੰਬੀ ਲਾਈਨ ਲੱਗਦੀ ਹੈ। ਭੋਲੇ ਬਾਬਾ ਕੋਲ 100 ਕਰੋੜ ਤੋਂ ਜ਼ਿਆਦਾ ਦੇ ਆਸ਼ਰਮ ਅਤੇ ਜ਼ਮੀਨ ਹੈ। ਭੋਲੇ ਬਾਬਾ ਦਾ ਇਹ ਵੀ ਦਾਅਵਾ ਹੈ ਕਿ ਉਹ ਇਕ ਪੈਸਾ ਵੀ ਦਾਨ ਨਹੀਂ ਲੈਂਦਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਬਾਬੇ ਦਾ ਕਾਫਿਲਾ ਆਸ਼ਰਮ ਵਿਚੋਂ ਨਿਕਲਦਾ ਸੀ ਤਾਂ ਉਸਦੀ ਗੱਡੀ ਦੇ ਪਿੱਛੇ ਸੈਂਕੜੇ ਸੇਵਾਦਾਰਾਂ ਦੀ ਫੌਜ ਦੌੜਦੀ ਸੀ। ਇਹ ਬਾਬਾ ਪੁਲਿਸ ਪ੍ਰਸ਼ਾਸਨ ‘ਤੇ ਭਰੋਸਾ ਨਹੀਂ ਕਰਦਾ ਹੈ ਅਤੇ ਜਿੱਥੇ ਵੀ ਉਹ ਜਾਂਦਾ ਹੈ ਉਸਦੇ ਨਿੱਜੀ ਸੇਵਾਦਾਰ ਉਸ ਦੇ ਨਾਲ ਹੀ ਰਹਿੰਦੇ ਹਨ। ਬਾਬੇ ਦੇ ਕਾਫਲੇ ਵਿਚ 25 ਤੋਂ 30 ਲਗਰਜ਼ੀ ਕਾਰਾਂ ਹੁੰਦੀਆਂ ਹਨ।
ਹਾਥਰਸ ਭਗਦੜ ਮਾਮਲੇ ਵਿਚ ਛੇ ਵਿਅਕਤੀ ਗ੍ਰਿਫਤਾਰ
ਉਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ‘ਚ ਮਚੀ ਭਗਦੜ ਦੇ ਮਾਮਲੇ ਨੂੰ ਲੈ ਕੇ ਹੁਣ ਤੱਕ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਯੂਪੀ ਪੁਲਿਸ ਨੇ ਮੁੱਖ ਦੋਸ਼ੀ ਸੇਵਾਦਾਰ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਅਲੀਗੜ੍ਹ ਰੇਂਜ ਦੇ ਪੁਲਿਸ ਕਮਿਸ਼ਨਰ ਸ਼ਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਮਾਮਲੇ ਵਿਚ ਦੋ ਮਹਿਲਾ ਸੇਵਾਦਾਰਾਂ ਸਣੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੇ ਮੁੱਖ ਮੁਲਜ਼ਮ ਮੁੱਖ ਸੇਵਾਦਾਰ ਦੇਵ ਪ੍ਰਕਾਸ਼ ਮਧੂਕਰ ਉੱਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਉਸ ਦੇ ਖਿਲਾਫ਼ ਜਲਦੀ ਹੀ ਗੈਰਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਜਾਣਗੇ। ਭੋਲੇ ਬਾਬਾ ਤੋਂ ਪੁੱਛਗਿੱਛ ਜਾਂ ਉਸਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਬਾਰੇ ਪੁੱਛਣ ‘ਤੇ ਮਾਥੁਰ ਨੇ ਕਿਹਾ ਕਿ ਅੱਗੇ ਕਿਸ ਦੀ ਗ੍ਰਿਫਤਾਰੀ ਹੋਵੇਗੀ ਜਾਂ ਨਹੀਂ ਇਹ ਜਾਂਚ ਉੱਤੇ ਨਿਰਭਰ ਕਰੇਗਾ।
ਛੇੜਖਾਨੀ ਦੇ ਆਰੋਪਾਂ ਵਿਚ ਵੀ ਘਿਰਿਆ ਰਿਹਾ ‘ਭੋਲੇ ਬਾਬਾ’
ਸੂਰਜਪਾਲ ਦੇ ਖਿਲਾਫ 6 ਅਪਰਾਧਕ ਮਾਮਲੇ ਵੀ ਦਰਜ ਹੋਏ
ਯੂਪੀ ਪੁਲਿਸ ਵਿਚ ਕਾਂਸਟੇਬਲ ਰਿਹਾ ਸੂਰਜਪਾਲ ਜਾਟਵ 18 ਸਾਲ ਦੀ ਨੌਕਰੀ ਤੋਂ ਬਾਅਦ ਵੀਆਰਐਸ ਲੈ ਕੇ ਬਾਬਾ ਨਰਾਇਣ ਸਾਕਾਰ ਹਰਿ ਬਣ ਗਿਆ। ਉਹ ਏਟਾ ਜ਼ਿਲ੍ਹੇ ਤੋਂ ਵੱਖ ਹੋਏ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਤਹਿਸੀਲ ਦੇ ਬਹਾਦਰਪੁਰ ਪਿੰਡ ਦਾ ਰਹਿਣ ਵਾਲਾ ਹੈ। 28 ਸਾਲ ਪਹਿਲਾਂ ਛੇੜਖਾਨੀ ਦੇ ਆਰੋਪ ਵਿਚ ਪਹਿਲਾਂ ਮੁਅੱਤਲ ਅਤੇ ਫਿਰ ਬਰਖਾਸਤ ਹੋਇਆ। ਇਟਾਵਾ ਦੇ ਐਸਐਸਪੀ ਸੰਜੇ ਕੁਮਾਰ ਦੱਸਦੇ ਹਨ ਕਿ ਛੇੜਖਾਨੀ ਵਾਲੇ ਮਾਮਲੇ ਵਿਚ ਸੂਰਜਪਾਲ ਜਾਟਵ ਏਟਾ ਜੇਲ੍ਹ ਵਿਚ ਕਾਫੀ ਸਮਾਂ ਬੰਦ ਰਿਹਾ ਅਤੇ ਰਿਹਾਈ ਤੋਂ ਬਾਅਦ ਹੀ ਸ਼ਕਲ ਵਿਚ ਲੋਕਾਂ ਦੇ ਸਾਹਮਣੇ ਆਇਆ। ਬਰਖਾਸਤ ਹੋਣ ਤੋਂ ਬਾਅਦ ਸੂਰਜਪਾਲ ਨੂੰ ਅਦਾਲਤ ਦੇ ਆਦੇਸ਼ ‘ਤੇ ਬਹਾਲ ਕੀਤਾ ਗਿਆ, ਪਰ 2002 ਵਿਚ ਆਗਰਾ ਜ਼ਿਲ੍ਹੇ ਤੋਂ ਉਸ ਨੇ ਵੀਆਰਐਸ ਲੈ ਲਈ। ਯੂਪੀ ਦੇ ਸਾਬਕਾ ਡੀਜੀਪੀ ਬਿਕਰਮ ਸਿੰਘ ਦੇ ਮੁਤਾਬਕ, ਸੂਰਜਪਾਲ ਦੇ ਖਿਲਾਫ 6 ਅਪਰਾਧਕ ਮੁਕੱਦਮੇ ਦਰਜ ਹੋਏ ਸਨ।