Breaking News
Home / ਮੁੱਖ ਲੇਖ / ਪਲਾਸਟਿਕ ਪ੍ਰਦੂਸ਼ਣ ਦਾ ਖਾਤਮਾ ਜ਼ਰੂਰੀ

ਪਲਾਸਟਿਕ ਪ੍ਰਦੂਸ਼ਣ ਦਾ ਖਾਤਮਾ ਜ਼ਰੂਰੀ

ਡਾ. ਸਤਿੰਦਰ ਸਿੰਘ
ਮਨੁੱਖ ਦੁਆਰਾ ਕੀਤੀਆਂ ਖੋਜਾਂ ‘ਚੋਂ ਪਲਾਸਟਿਕ ਇਕ ਅਜਿਹੀ ਖੋਜ ਹੈ ਜਿਸ ਕਾਰਨ ਵਿਸ਼ਵ ਪੱਧਰ ‘ਤੇ ਫੈਲਿਆ ਪਲਾਸਟਿਕ ਪ੍ਰਦੂਸ਼ਣ ਧਰਤੀ ਉੱਪਰ ਵੱਡੀ ਤਬਾਹੀ ਅਤੇ ਸਵੱਛਤਾ ਨੂੰ ਖ਼ਤਮ ਕਰਨ ਦਾ ਕਾਰਨ ਬਣ ਰਿਹਾ ਹੈ। ਪਲਾਸਟਿਕ ਪ੍ਰਦੂਸ਼ਣ ਦੇ ਕਾਰਨ ਸਮੁੱਚੇ ਵਾਤਾਵਰਨ, ਜੰਗਲੀ ਜੀਵਨ, ਧਰਤੀ ਦੀ ਉਪਜਾਊ ਸ਼ਕਤੀ, ਸਮੁੰਦਰੀ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਬੇਹੱਦ ਮਾੜਾ ਪ੍ਰਭਾਵ ਪੈ ਰਿਹਾ ਹੈ।
ਪੋਲੀਥੀਨ ਦੇ ਲਿਫ਼ਾਫਿਆਂ ਦੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਪੂਰੇ ਵਿਸ਼ਵ ਵਿਚ 3 ਜੁਲਾਈ ਦਾ ਦਿਨ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਸਮਾਜ ਨੂੰ ਪਲਾਸਟਿਕ ਬੈਗਜ਼ ਦੀ ਵਰਤੋਂ ਤੋਂ ਦੂਰ ਰਹਿਣ ਲਈ ਉਤਸ਼ਾਹਤ ਅਤੇ ਪ੍ਰੇਰਿਤ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਾਤਾਵਰਨ ਪੱਖੀ ਵਿਕਲਪਾਂ ਦੀ ਵਰਤੋਂ ਕਰਨਾ ਹੈ।
ਪਲਾਸਟਿਕ ਬੈਗਜ਼ ਦੀ ਵਧਦੀ ਵਰਤੋਂ ਕਾਰਨ ਧਰਤੀ ਦੀ ਸਵੱਛਤਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਮਨੁੱਖ ਦੇ ਸੁਚੱਜਾ ਜੀਵਨ ਜਿਊਣ ਲਈ ਉਸ ਦਾ ਆਲਾ-ਦੁਆਲਾ ਸਵੱਛ ਹੋਣਾ ਬੇਹੱਦ ਜ਼ਰੂਰੀ ਹੈ। ਸਵੱਛਤਾ ਸਿਰਫ਼ ਮਨੁੱਖ ਦੇ ਸਰੀਰਕ ਅਤੇ ਮਾਨਸਿਕ ਪੱਖ ਤੋਂ ਹੀ ਜ਼ਰੂਰੀ ਨਹੀਂ ਬਲਕਿ ਵਿਅਕਤੀਗਤ ਅਤੇ ਸਮਾਜਿਕ ਜੀਵਨ ਲਈ ਵੀ ਮਹੱਤਵਪੂਰਨ ਹੈ। ਮਹਾਤਮਾ ਗਾਂਧੀ ਨੇ ਵੀ ਇਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਕਿਹਾ ਸੀ ਕਿ ਸਵੱਛਤਾ ਆਜ਼ਾਦੀ ਨਾਲੋਂ ਵੱਧ ਮਹੱਤਵਪੂਰਨ ਹੈ। ਸਵੱਛਤਾ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਦੀ ਹੈ।
ਸਵੱਛਤਾ ਦੀ ਮਹੱਤਤਾ ਨੂੰ ਸਮਝਦੇ ਹੋਏ 15 ਅਗਸਤ 2014 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਾਫ਼-ਸੁਥਰਾ ਅਤੇ ਸਵੱਛ ਬਣਾਉਣ ਲਈ ਸਵੱਛ ਭਾਰਤ ਮੁਹਿੰਮ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਦੋ ਅਕਤੁਬਰ 2014 ਨੂੰ ਮਹਾਤਮਾ ਗਾਂਧੀ ਦੀ 145ਵੀ ਜਯੰਤੀ ਮੌਕੇ ਜਿਸ ਵੱਡੇ ਪੱਧਰ ‘ਤੇ ਸਵੱਛ ਭਾਰਤ ਮੁਹਿੰਮ ਦਾ ਆਗਾਜ਼ ਹੋਇਆ ਤਾਂ ਦੇਸ਼ ਦੇ ਸਫ਼ਾਈ ਪਸੰਦ ਕਰੋੜਾਂ ਲੋਕਾਂ ਦੇ ਮਨ ਵਿਚ ਆਸ ਦੀ ਕਿਰਨ ਜਾਗੀ ਸੀ। ਉਨ੍ਹਾਂ ਲੋਕਾਂ ਨੇ ਵੀ ਪ੍ਰਧਾਨ ਮੰਤਰੀ ਦੀ ਤਰ੍ਹਾਂ ਸਵੱਛ ਭਾਰਤ ਦਾ ਸੁਪਨਾ ਲਿਆ ਸੀ।
ਸਵੱਛ ਭਾਰਤ ਮੁਹਿੰਮ ਤਹਿਤ ਗਾਂਧੀ ਜੀ ਦੀ 150ਵੀ ਜਯੰਤੀ ਤੱਕ ਦੇਸ਼ ਨੂੰ ਸਵੱਛ ਕਰਨ ਦਾ ਟੀਚਾ ਸੀ। ਇਸ ਮੁਹਿੰਮ ਦੀ ਸਫਲਤਾ ਲਈ ਸਰਕਾਰੀ ਪੱਧਰ ‘ਤੇ ਬਹੁਤ ਵੱਡੇ ਉਪਰਾਲੇ ਕੀਤੇ ਗਏ। ਜਾਗਰੂਕਤਾ ਤੇ ਸਫ਼ਾਈ ਮੁਹਿੰਮਾਂ, ਟਾਇਲਟ ਨਿਰਮਾਣ ਦਾ ਕੰਮ, ਸਕੂਲ ਸਵੱਛਤਾ ਮੁਹਿੰਮ ਅਤੇ ਸਵੱਛਤਾ ਮੁਕਾਬਲਿਆਂ ਰਾਹੀਂ ਲੋਕਾਂ ਨੂੰ ਸਵੱਛ ਭਾਰਤ ਮੁਹਿੰਮ ਨਾਲ ਜੋੜਨ ਦੇ ਯਤਨ ਕੀਤੇ ਗਏ ਜਿਨ੍ਹਾਂ ਵਿੱਚੋਂ ਕੁਝ ਉਪਰਾਲਿਆਂ ਦੇ ਸਾਰਥਕ ਨਤੀਜੇ ਵੀ ਨਿਕਲ ਰਹੇ ਹਨ। ਪ੍ਰੰਤੂ ਸਾਡੇ ਦੇਸ਼ ਦੇ ਹਰ ਸ਼ਹਿਰ ਦੀ ਸਵੱਛਤਾ ਅਤੇ ਵਾਤਾਵਰਨ ਦੀ ਅਸਲ ਸਥਿਤੀ ਕੀ ਹੈ, ਇਹ ਕਿਸੇ ਤੋਂ ਛੁਪੀ ਨਹੀਂ ਹੈ।
ਪਲਾਸਟਿਕ ਦੇ ਲਿਫ਼ਾਫਿਆਂ ਨੇ ਜਿੱਥੇ ਵਾਤਾਵਰਨ ਵਿਚ ਜ਼ਹਿਰ ਘੋਲ ਦਿੱਤਾ ਹੈ, ਉੱਥੇ ਹੀ ਸਵੱਛਤਾ ਮੁਹਿੰਮ ਦੀ ਸਫਲਤਾ ਵਿਚ ਵੱਡੀ ਰੁਕਾਵਟ ਬਣ ਗਏ ਹਨ। ਪਲਾਸਟਿਕ ਦੀ ਖੋਜ ਦੀ ਗੱਲ ਤਾਂ ਭਾਵੇਂ 1862 ਈਸਵੀ ਤੋਂ ਹੀ ਸ਼ੁਰੂ ਹੋ ਗਈ ਸੀ। ਪ੍ਰੰਤੂ ਇਸ ਦਾ ਮੌਜੂਦਾ ਰੂਪ 1907 ਵਿਚ ਬੈਲਜੀਅਮ ਮੂਲ ਦੇ ਅਮਰੀਕੀ ਵਿਗਿਆਨੀ ਲਿਉ ਹੈਡ੍ਰਿਕ ਬੈਕਲੈਡ ਦੀ ਖੋਜ ਨਾਲ ਹੀ ਦੁਨੀਆ ਦੇ ਸਾਹਮਣੇ ਆਇਆ ਸੀ। ਉਸ ਨੇ 1912 ਵਿਚ ਜਦੋਂ ਇਸ ਦੀ ਘੋਸ਼ਣਾ ਕੀਤੀ ਤਾਂ ਇਸ ਨੂੰ ਮਨੁੱਖਤਾ ਦੀ ਸਹੂਲਤ ਵੱਲ ਵੱਡਾ ਕਦਮ ਅਤੇ ਵਿਗਿਆਨ ਦੀ ਅਦਭੁਤ ਖੋਜ ਦੱਸਿਆ ਗਿਆ ਸੀ।
ਥੋੜ੍ਹੇ ਸਮੇਂ ਵਿਚ ਹੀ ਪਲਾਸਟਿਕ ਪੂਰੇ ਵਿਸ਼ਵ ਵਿਚ ਮਨੁੱਖੀ ਜੀਵਨ ਦਾ ਅਟੁੱਟ ਅੰਗ ਬਣ ਗਿਆ। ਪਲਾਸਟਿਕ ਬੈਗਜ਼, ਪਲੇਟਾਂ, ਗਲਾਸ, ਚਮਚੇ, ਛੋਟੀਆਂ ਬੋਤਲਾਂ, ਪੈਕਿੰਗ ਲਈ ਵਰਤੋਂ ਵਿਚ ਆਉਣ ਵਾਲਾ ਪਲਾਸਟਿਕ, ਖਿਡੌਣੇ, ਪਾਈਪਾਂ, ਫਰਨੀਚਰ ਅਤੇ ਬਰਤਨਾਂ ਆਦਿ ਦੇ ਰੂਪ ਵਿਚ ਪਲਾਸਟਿਕ ਹੀ ਪਲਾਸਟਿਕ ਸਾਡੇ ਬਾਜ਼ਾਰਾਂ ਅਤੇ ਘਰਾਂ ਵਿਚ ਦਾਖ਼ਲ ਹੋ ਗਿਆ ਹੈ। ਦੁਨੀਆ ਭਰ ਵਿਚ ਲੋਕ ਇਕ ਮਿੰਟ ਵਿਚ ਪਲਾਸਟਿਕ ਦੀਆਂ 10 ਲੱਖ ਬੋਤਲਾਂ ਖ਼ਰੀਦਦੇ ਹਨ। ਪਲਾਸਟਿਕ ਦੇ ਆਉਣ ਨਾਲ ਸਾਡਾ ਜੀਵਨ ਆਸਾਨ ਤਾਂ ਜ਼ਰੂਰ ਹੋਇਆ ਹੈ ਪ੍ਰੰਤੂ ਇਸ ਦੇ ਭਿਅੰਕਰ ਨਤੀਜੇ ਹੁਣ ਸਾਡੇ ਸਾਹਮਣੇ ਆਉਣ ਲੱਗੇ ਹਨ। ਸਾਡੇ ਦੇਸ਼ ਵਿਚ ਪੋਲੀਥੀਨ ਦੇ ਲਿਫ਼ਾਫਿਆਂ ਦਾ ਚਲਣ 1960 ਦੇ ਕਰੀਬ ਸ਼ੁਰੂ ਹੋਇਆ। ਇਸ ਉੱਪਰ ਬਹਿਸ ਤਾਂ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ ਪ੍ਰੰਤੂ 1970 ਵਿਚ ਇਸ ਵਿਰੁੱਧ ਆਵਾਜ਼ ਵੀ ਉੱਠਣ ਲੱਗੀ ਸੀ। ਪਲਾਸਟਿਕ ਸਿਹਤ ਅਤੇ ਵਾਤਾਵਰਨ ਦੋਹਾਂ ਲਈ ਹੀ ਨੁਕਸਾਨਦੇਹ ਹੈ। ਇਸ ਦਾ ਉਤਪਾਦਨ ਪੈਟਰੋਲੀਅਮ ਤੋਂ ਪ੍ਰਾਪਤ ਰਸਾਇਣਾਂ ਤੋਂ ਹੁੰਦਾ ਹੈ। ਪਲਾਸਟਿਕ ਨੂੰ ਰੀਸਾਈਕਲ ਕਰਨਾ ਬਹੁਤ ਵੱਡੀ ਸਮੱਸਿਆ ਹੈ।
ਕੁੱਲ ਉਤਪਾਦਨ ਦਾ 91 ਪ੍ਰਤੀਸ਼ਤ ਪਲਾਸਟਿਕ ਰੀਸਾਈਕਲ ਨਹੀਂ ਕੀਤਾ ਜਾ ਸਕਦਾ। ਉੱਥੇ ਇਸ ਕਾਰਨ ਸ਼ਹਿਰਾਂ ਦੀਆਂ ਨਾਲੀਆਂ, ਨਦੀਆਂ, ਨਹਿਰਾਂ, ਦਰਿਆਵਾਂ ਤੋਂ ਲੈ ਕੇ ਸਮੁੰਦਰ ਤੱਕ ਦੀ ਬਰਬਾਦੀ ਸਾਫ਼ ਨਜ਼ਰ ਆ ਰਹੀ ਹੈ। ਸ਼ਹਿਰਾਂ ਵਿਚ ਪੋਲੀਥੀਨ ਬੈਗਜ਼ ਕਾਰਨ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਪਲਾਸਟਿਕ ਦੇ ਲਿਫ਼ਾਫਿਆਂ ਵਿਚ ਪੈਕ ਹੁੰਦੇ ਖਾਣ ਵਾਲੇ ਪਦਾਰਥ ਅਤੇ ਹੋਰ ਕਾਰਨਾਂ ਕਰ ਕੇ ਪਲਾਸਟਿਕ ਦੇ ਕਣ ਮਨੁੱਖੀ ਸਰੀਰ ਦੇ ਅੰਦਰ ਜਾਣਾ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਇਸ ਕਾਰਨ ਪਸ਼ੂ, ਪੰਛੀ ਅਤੇ ਜਲ ਜੀਵ ਬਿਮਾਰ ਹੋ ਕੇ ਦਮ ਤੋੜ ਰਹੇ ਹਨ। ਸਮੁੰਦਰੀ ਜਲ ਜੀਵਾਂ ਲਈ ਤਾਂ ਪਲਾਸਟਿਕ ਪਦਾਰਥ ਬਹੁਤ ਵੱਡਾ ਖ਼ਤਰਾ ਬਣ ਚੁੱਕੇ ਹਨ।
ਮਿੱਟੀ ਦੀ ਉਪਜਾਊ ਸ਼ਕਤੀ ਵੀ ਪਲਾਸਟਿਕ ਕਾਰਨ ਘਟਦੀ ਜਾ ਰਹੀ ਹੈ। ਅਸੀਂ ਇਸ ਦੇ ਭਿਅੰਕਰ ਨਤੀਜਿਆਂ ਤੋਂ ਜਾਣੂ ਜ਼ਰੂਰ ਹਾਂ ਪਰ ਇਸ ਦੀ ਵਰਤੋਂ ਕਰਨਾ ਫਿਰ ਵੀ ਨਹੀਂ ਛੱਡ ਰਹੇ। ਸਰਕਾਰ ਦੇ ਯਤਨ ਅਤੇ ਪਾਬੰਦੀ ਲਗਾਉਣ ਦੇ ਬਾਵਜੂਦ ਇਸ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ। ਜੇ ਅਸੀਂ ਇਸ ਦੀ ਵਰਤੋਂ ਬੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਦੀ ਵਰਤੋਂ ਦਾ ਤਰੀਕਾ ਤਾਂ ਜ਼ਰੂਰ ਸਿੱਖ ਲਈਏ। ਇਸ ਨੂੰ ਸਾੜਨ ਤੋਂ ਪੂਰੀ ਤਰਾਂ ਗੁਰੇਜ਼ ਕੀਤਾ ਜਾਵੇ। ਨਦੀਆਂ, ਨਾਲਿਆਂ, ਸੀਵਰੇਜ ਅਤੇ ਸਮੁੰਦਰ ਵਿਚ ਸੁੱਟਣ ਤੋਂ ਪੂਰੀ ਤਰ੍ਹਾਂ ਬਚਿਆ ਜਾਵੇ।
ਗਿਫਟ ਪੈਕ ‘ਤੇ ਪਲਾਸਟਿਕ ਦੀ ਹੁੰਦੀ ਬੇਲੋੜੀ ਵਰਤੋਂ ਤੇ ਖ਼ਰਚ ਨੂੰ ਬੰਦ ਕੀਤਾ ਜਾਵੇ। ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਥੈਲਾ ਨਾਲ ਰੱਖਣ ਦੀ ਆਦਤ ਚੰਗੀ ਸ਼ੁਰੁਆਤ ਹੋ ਸਕਦੀ ਹੈ। ਘਰ ਦਾ ਕੂੜਾ-ਕਰਕਟ ਪਲਾਸਟਿਕ ਦੇ ਲਿਫ਼ਾਫ਼ੇ ਵਿਚ ਪਾ ਕੇ ਗਲੀ ਦੇ ਕੋਨੇ ਵਿਚ ਰੱਖਣ ਦੀ ਆਦਤ ਨੂੰ ਮਨੁੱਖਤਾ ਦੀ ਭਲਾਈ ਲਈ ਛੱਡਣਾ ਹੋਵੇਗਾ। ਕੇਂਦਰੀ ਟਰਾਂਸਪੋਰਟ ਮੰਤਰੀ ਵੱਲੋਂ ਸੜਕ ਨਿਰਮਾਣ ਵਿਚ ਪਲਾਸਟਿਕ ਦੀ ਵਰਤੋਂ ਦੇ ਐਲਾਨ ਨੂੰ ਅਮਲੀਜਾਮਾ ਪਹਿਨਾ ਕੇ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ। ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ਵਿਚ ਵਰਤੋਂ ਕੀਤੇ ਪੋਲੀਥੀਨ ਬੈਗ ਭਰ ਕੇ ਈਕੋ ਬ੍ਰਿਕਸ ਬਣਾਉਣ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਮੈਂ ਨਿੱਜੀ ਤੌਰ ‘ਤੇ ਵੀ ਇਸ ਨੂੰ ਸਫਲਤਾਪੂਰਵਕ ਕਰ ਚੁੱਕਿਆ ਹਾਂ।
ਇਨ੍ਹਾਂ ਦੀ ਵਰਤੋਂ ਬਗੀਚੇ ਦੀ ਸੁੰਦਰਤਾ, ਪਾਰਕ ਦੀ ਵਾੜ , ਸਜਾਵਟੀ ਸਾਮਾਨ ਅਤੇ ਫਰਨੀਚਰ ਬਣਾਉਣ ਲਈ ਬਹੁਤ ਹੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣਾ ਹਰ ਨਾਗਰਿਕ ਦਾ ਮੁੱਢਲਾ ਫ਼ਰਜ਼ ਹੈ। ਇਸ ਲਈ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ‘ਤੇ ਆਓ, ਸਵੱਛਤਾ ਨੂੰ ਸ਼ੌਕ ਬਣਾਉਣ ਦੀ ਪਹਿਲ ਕਰਨ ਲਈ ਪਲਾਸਟਿਕ ਬੈਗਜ਼ ਦੀ ਵਰਤੋਂ ਨਾ ਕਰਨ ਦਾ ਪ੍ਰਣ ਲਈਏ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਵੱਡਮੁੱਲਾ ਯੋਗਦਾਨ ਪਾਈਏ।

Check Also

ਭਾਰਤ ਦੀਆਂ ਖੇਤੀ ਨੀਤੀਆਂ ਵਿਚ ਤਬਦੀਲੀ ਦੀ ਜ਼ਰੂਰਤ

ਡਾ. ਗਿਆਨ ਸਿੰਘ ਭਾਰਤ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ 19 ਜੂਨ …