16.2 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਪਰਗਟ ਸਿੰਘ ਵੀ ਆਏ ਵਿਜੀਲੈਂਸ ਬਿਊਰੋ ਦੀ ਰਾਡਾਰ 'ਤੇ

ਪਰਗਟ ਸਿੰਘ ਵੀ ਆਏ ਵਿਜੀਲੈਂਸ ਬਿਊਰੋ ਦੀ ਰਾਡਾਰ ‘ਤੇ

ਖੇਡ ਕਿੱਟਾਂ ਦੇ ਚਰਚਿਤ ਮਾਮਲੇ ‘ਚ ਹੋ ਸਕਦੀ ਹੈ ਪੁੱਛਗਿੱਛ
ਜਲੰਧਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਖਿਲਾਫ ਸ਼ਿਕੰਜਾ ਕੱਸੇ ਜਾਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਹੁਣ ਪਿਛਲੀ ਕਾਂਗਰਸ ਸਰਕਾਰ ‘ਚ ਖੇਡ ਮੰਤਰੀ ਰਹੇ ਪਰਗਟ ਸਿੰਘ ਵਿਧਾਇਕ ਹਲਕਾ ਜਲੰਧਰ ਛਾਉਣੀ ਦੇ ਖਿਲਾਫ ਵੀ ਕਰੋੜਾਂ ਰੁਪਏ ਦੇ ਖੇਡ ਕਿੱਟ ਘੁਟਾਲੇ ਦੇ ਇਕ ਮਾਮਲੇ ‘ਚ ਕਾਰਵਾਈ ਕੀਤੇ ਜਾਣ ਦੀ ਤਿਆਰੀ ਕੱਸ ਲਈ ਗਈ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਵਿਭਾਗ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਵਿਜੀਲੈਂਸ ਵਲੋਂ ਜਾਂਚ ਮੁਹਾਲੀ ਦੇ ਐਸ. ਐਸ. ਪੀ. ਨੂੰ ਸੌਂਪ ਦਿੱਤੀ ਗਈ ਹੈ ਤੇ ਉਨ੍ਹਾਂ ਵਲੋਂ ਜਾਂਚ ਦਾ ਕੰਮ ਆਰੰਭ ਵੀ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਇਸ ਮਾਮਲੇ ‘ਚ ਸਾਬਕਾ ਖੇਡ ਮੰਤਰੀ ਤੋਂ ਇਲਾਵਾ ਖੇਡ ਵਿਭਾਗ ਦੇ ਉਸ ਸਮੇਂ ਦੇ ਸਕੱਤਰ ਅਤੇ ਕੁੱਝ ਹੋਰਨਾਂ ਅਧਿਕਾਰੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ‘ਚ ਖੇਡ ਮੰਤਰੀ ਰਹੇ ਪਰਗਟ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ 3.30 ਕਰੋੜ ਰੁਪਏ ਦੇ ਕਰੀਬ ਮੁੱਲ ਦੀਆਂ ਖੇਡ ਕਿੱਟਾਂ ਦੀ ਖਰੀਦ ਕੀਤੀ ਗਈ ਸੀ।
ਉਸ ਸਮੇਂ ਸਰਕਾਰ ਵਲੋਂ ਪਹਿਲਾਂ ਤਾਂ ਖਿਡਾਰੀਆਂ ਨੂੰ ਖੇਡ ਕਿੱਟਾਂ ਲਈ ਉਨ੍ਹਾਂ ਦੇ ਖਾਤਿਆਂ ਵਿਚ 3-3 ਹਜ਼ਾਰ ਰੁਪਏ ਪਾ ਦਿੱਤੇ ਗਏ ਪਰ ਬਾਅਦ ‘ਚ ਖਿਡਾਰੀਆਂ ਕੋਲੋਂ ਇਹ ਰਾਸ਼ੀ ਚੈੱਕਾਂ ਰਾਹੀਂ ਵਾਪਿਸ ਲੈ ਲਈ ਗਈ ਤੇ ਖਿਡਾਰੀਆਂ ਨੂੰ ਕੁੱਝ ਖਾਸ ਕੰਪਨੀਆਂ ਕੋਲੋਂ ਖੇਡ ਕਿੱਟਾਂ ਦੀ ਖਰੀਦ ਕਰਨ ਲਈ ਕਿਹਾ ਗਿਆ। ਹਾਲਾਂਕਿ ਬਿਨਾਂ ਕਿਸੇ ਟੈਂਡਰ ਤੋਂ ਖਰੀਦ ਕੀਤੀਆਂ ਗਈਆਂ ਕਿੱਟਾਂ ਦੇ ਮਿਆਰ ‘ਤੇ ਵੀ ਸਵਾਲ ਉਠਦੇ ਰਹੇ। ਇਸ ਮਾਮਲੇ ਸਬੰਧੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚਣ ‘ਤੇ ਉਨ੍ਹਾਂ ਵਿਜੀਲੈਂਸ ਬਿਊਰੋ ਨੂੰ ਜਾਂਚ ਦਾ ਕੰਮ ਸੌਂਪਿਆ ਹੈ।

RELATED ARTICLES
POPULAR POSTS