Breaking News
Home / ਹਫ਼ਤਾਵਾਰੀ ਫੇਰੀ / ਅਰਦਾਸ ਮਾਮਲੇ ‘ਚ ਮਲੂਕਾ ਤਨਖਾਹੀਆ ਕਰਾਰ

ਅਰਦਾਸ ਮਾਮਲੇ ‘ਚ ਮਲੂਕਾ ਤਨਖਾਹੀਆ ਕਰਾਰ

jld-b4812052-largeਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ਼ ਕਰਨ ਦੀ ਲਾਈ ਤਨਖ਼ਾਹ ਤਹਿਤ ਮਲੂਕਾ ਨੇ ਸ਼ੁਰੂ ਕੀਤੀ ਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖ ਅਰਦਾਸ ਨਕਲ ਮਾਮਲੇ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਨ ਮਗਰੋਂ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਅਤੇ ਖਿਮਾ ਯਾਚਨਾ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ਼ ਕਰਨ ਦੀ ਤਨਖ਼ਾਹ ਲਾਈ ਗਈ ਹੈ। ਜਾਣਕਾਰੀ ਮੁਤਾਬਕ ਪੰਜ ਸਿੰਘ ਸਾਹਿਬਾਨ ਵੱਲੋਂ ਇਕੱਤਰਤਾ ਵਿਚ ਸਿਰਫ਼ ਪੜਤਾਲੀਆ ਕਮੇਟੀ ਦੀ ਰਿਪੋਰਟ ਵਿਚਾਰੀ ਜਾਣੀ ਸੀ। ਇਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਸੱਦਿਆ ਜਾਣਾ ਸੀ ਪਰ ਮੁਤਵਾਜ਼ੀ ਜਥੇਦਾਰਾਂ ਨੇ ਵੀ ਇਸ ਮਾਮਲੇ ਨੂੰ ਵਿਚਾਰਨ ਲਈ ਅਕਾਲ ਤਖ਼ਤ ਸਾਹਿਬ ‘ਤੇ ਮੀਟਿੰਗ ਸੱਦੀ ਸੀ, ਜਿਸ ਕਾਰਨ ਕਾਹਲ ਵਿਚ ਇਹ ਸਾਰਾ ਮਾਮਲਾ ਪਹਿਲਾਂ ਹੀ ਨਿਪਟਾ ਦਿੱਤਾ ਗਿਆ।
ਇਸ ਮੌਕੇ ਅਕਾਲ ਤਖਤ ਸਾਹਿਬ ਸਾਹਮਣੇ ਦਾੜ੍ਹੀ ਖੋਲ੍ਹ ਕੇ ਖੜ੍ਹੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਨੂੰ ਉਹ ਪ੍ਰਵਾਨ ਕਰਦੇ ਹਨ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਦੋਸ਼ ਪ੍ਰਵਾਨ ਕੀਤੇ ਹਨ ਤਾਂ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਪ੍ਰਵਾਨ ਹੈ। ਮੀਡੀਆ ਸਾਹਮਣੇ ਉਨ੍ਹਾਂ ਨੇ ਆਪਣੇ ਦੋਸ਼ ਮੰਨਣ ਤੋਂ ਇਨਕਾਰ ਕੀਤਾ ਜਦੋਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਮਲੂਕਾ ਨੇ ਲਿਖਤੀ ਰੂਪ ਵਿਚ ਆਪਣੇ ਦੋਸ਼ ਸਵੀਕਾਰ ਕੀਤੇ ਹਨ।
ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਮਲੂਕਾ ਦਾ ਵਿਰੋਧ
ਪੁਲਿਸ ਨੇ ਪਿਛਲੇ ਰਸਤੇ ਬਾਹਰ ਭੇਜਿਆ
ਅਰਦਾਸ ਮਾਮਲੇ ‘ਚ ਤਨਖਾਹੀਆ ਮਲੂਕਾ ਨੇ ਭਾਂਡੇ ਮਾਂਜੇ ਅਤੇ ਲੰਗਰ ਦੀ ਸੇਵਾ ਕੀਤੀ
ਤਲਵੰਡੀ ਸਾਬੋ/ਬਿਊਰੋ ਨਿਊਜ਼
ਚੋਣ ਦਫਤਰ ਦੇ ਉਦਘਾਟਨ ਮੌਕੇ ਅਰਦਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਾ ਕੇ ਮੰਗਲਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ। ਉਥੇ ਮਲੂਕਾ ਦੇ ਵਿਰੋਧ ਵਿਚ ਸਰਬੱਤ ਖਾਲਸਾ ਧੜੇ ਨਾਲ ਸਬੰਧਿਤ ਨੇਤਾਵਾਂ ਦੇ ਪਹੁੰਚਣ ਦੀ ਖਬਰ ਨਾਲ ਪੁਲਿਸ ਵਿਚ ਹੜਕੰਪ ਮਚ ਗਿਆ। ਮਾਹੌਲ ਕਾਫੀ ਦੇਰ ਤਣਾਅਪੂਰਨ ਬਣਿਆ ਰਿਹਾ। ਪੁਲਿਸ ਨੇ ਮਲੂਕਾ ਨੂੰ ਪਿਛਲੇ ਰਸਤੇ ਬਾਹਰ ਭੇਜਿਆ। ਸਰਬੱਤ ਖਾਲਸਾ ਨੇ ਨੇਤਾ ਤਖਤ ਸਾਹਿਬ ਦੇ ਮੁੱਖ ਗੇਟ ਵਾਲੇ ਪਾਸੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਪ੍ਰੀਤ ਸਿੰਘ ਮਲੂਕਾ ਕਾਫਲੇ ਸਮੇਤ ਬਾਹਰ ਭੇਜੇ ਤਾਂ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਦਿਖਾਉਣ ਦੇ ਨਾਲ-ਨਾਲ ਮਲੂਕਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਗੱਲ ਤੂੰ-ਤੂੰ, ਮੈਂ-ਮੈਂ ਤੱਕ ਪਹੁੰਚ ਗਈ। ਮੌਕੇ ‘ਤੇ ਮੌਜੂਦ ਡੀਐਸਪੀ ਚੰਦ ਸਿੰਘ ਦੀ ਸਮਝਦਾਰੀ ਨਾਲ ਟਕਰਾਅ ਹੋਣ ਤੋਂ ਬਚਾਅ ਹੋ ਗਿਆ।
ਮੁਤਵਾਜ਼ੀ ਜਥੇਦਾਰਾਂ ਨੇ ਮਲੂਕਾ ਨੂੰ 24 ਨੂੰ ਪੇਸ਼ ਹੋਣ ਦੀ ਕੀਤੀ ਹਦਾਇਤ
ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ ਸਿੱਖ ਅਰਦਾਸ ਨਕਲ ਮਾਮਲੇ ਵਿਚ ਅਕਾਲੀ ਮੰਤਰੀ ਖਿਲਾਫ ਕੀਤੀ ਗਈ ਕਾਰਵਾਈ ਦੇ ਬਰਾਬਰ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਵਲੋਂ ਵੀ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹੋਰਨਾਂ ਖਿਲਾਫ ਕਾਰਵਾਈ ਆਰੰਭ ਕਰਦਿਆਂ ਇਸ ਮਾਮਲੇ ਵਿੱਚ 24 ਜਨਵਰੀ ਤੱਕ ਸਿੱਖ ਸੰਗਤਾਂ ਕੋਲੋਂ ਰਾਏ ਮੰਗੀ ਹੈ। ਮੁਤਵਾਜ਼ੀ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਵਲੋਂ ਕੀਤੀ ਕਾਰਵਾਈ ਨੂੰ ਸਰਕਾਰੀ ਡਰਾਮਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਅਤੇ ਅਕਾਲੀ ਮੰਤਰੀ ਨੂੰ 24 ਜਨਵਰੀ ਨੂੰ ਅਕਾਲ ਤਖ਼ਤ ‘ਤੇ ਪੇਸ਼ ਹੋਣ ਲਈ ਇਕ ਹੋਰ ਮੌਕਾ ਦਿੱਤਾ  ਹੈ।
ਇਸ ਸਬੰਧ ਵਿਚ ਮੁਤਵਾਜ਼ੀ ਜਥੇਦਾਰਾਂ, ਜਿਨਾਂ ਵਿਚ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਹਨ, ਤੋਂ ਇਲਾਵਾ ਭਾਈ ਸੂਬਾ ਸਿੰਘ ਤੇ ਭਾਈ ਮੇਜਰ ਸਿੰਘ ਵਲੋਂ ਪੰਚ ਪ੍ਰਧਾਨੀ ਦਾ ਕੋਰਮ ਪੂਰਾ ਕਰਦਿਆਂ ਅਰਦਾਸ ਨਕਲ ਮਾਮਲਾ ਵਿਚਾਰਿਆ।

Check Also

ਓਟਵਾ-ਮੈਕਸੀਕੋ ਲਈ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਚਲਾਏਗਾ ਨਾਨ-ਸਟਾਪ ਉਡਾਣਾਂ

ਪੀਕ ਸੀਜ਼ਨ ਵਿਚ ਓਟਵਾ-ਕੈਨਕਨ ਵਿਚਾਲੇ ਹੋਣਗੀਆਂ ਹਫ਼ਤੇ ‘ਚ ਤਿੰਨ ਉਡਾਨਾਂ ਓਟਵਾ/ਬਿਊਰੋ ਨਿਊਜ਼ : ਯਾਤਰੀ ਓਟਵਾ …