-4.7 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ ਸਕੂਲਾਂ 'ਚ ਏ.ਆਈ. ਦੀ ਹੋਵੇਗੀ ਪੜ੍ਹਾਈ, ਬੀਐਸਐਨਐਲ ਤੇ ਆਈਬੀਐਮ ਨਾਲ...

ਪੰਜਾਬ ਦੇ ਸਕੂਲਾਂ ‘ਚ ਏ.ਆਈ. ਦੀ ਹੋਵੇਗੀ ਪੜ੍ਹਾਈ, ਬੀਐਸਐਨਐਲ ਤੇ ਆਈਬੀਐਮ ਨਾਲ ਵੀ ਸਮਝੌਤਾ

ਵਨ ਨੇਸ਼ਨ-ਵਨ ਇਲੈਕਸ਼ਨ ਦੇਸ਼ ਨੂੰ ਬਰਬਾਦ ਕਰ ਦੇਵੇਗਾ : ਕੇਜਰੀਵਾਲ
ਅੰਮ੍ਰਿਤਸਰ ਦੇ ਛੇਹਰਟਾ ਵਿਚ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਨ ਨੇਸ਼ਨ-ਵਨ ਇਲੈਕਸ਼ਨ ਦੇਸ਼ ਨੂੰ ਤਬਾਹ ਕਰ ਦੇਵੇਗਾ। ਦੇਸ਼ ਵਾਸੀਆਂ ਨੂੰ ਇਸਦਾ ਸਮਰਥਨ ਨਹੀਂ ਕਰਨਾ ਚਾਹੀਦਾ। ਕੇਜਰੀਵਾਲ ਨੇ ਕਿਹਾ ਕਿ ਸੱਤਾ ਵਿਚ ਬੈਠੇ ਕੁਝ ਲੋਕ ਚੋਣਾਂ ਤੋਂ ਡਰਦੇ ਹਨ, ਇਸ ਲਈ ਉਹ ਚੋਣਾਂ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਇਹ ਲੋਕ ਸਾਢੇ ਚਾਰ ਸਾਲ ਤੱਕ ਵਿਦੇਸ਼ਾਂ ਦੀ ਸੈਰ ਕਰਨਗੇ ਅਤੇ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਆਪਣਾ ਚਿਹਰਾ ਜਨਤਾ ਨੂੰ ਦਿਖਾਉਣ ਲਈ ਆ ਜਾਣਗੇ।
ਕੇਜਰੀਵਾਲ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਗਰਾਊਂਡ ਵਿਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੇ ਦੌਰਾਨ ਹੀ ਸਿੱਖਿਆ ਵਿਭਾਗ ਦੇ ਨਾਲ ਬੀਐਸਐਨਐਲ ਅਤੇ ਆਈਬੀਐਮ ਦਾ ਸਮਝੌਤਾ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਇਹ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਕਦਮ ਹੋਵੇਗਾ। ਹੁਣ ਤੋਂ ਸਰਕਾਰੀ ਸਕੂਲਾਂ ਦੇ ਬੱਚੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪੜ੍ਹਾਈ ਕਰ ਸਕਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛੇਹਰਟਾ ਵਿਚ ਸੂਬੇ ਦੇ ਪਹਿਲੇ ਹਾਈਟੈਕ ਸਰਕਾਰੀ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ।
ਇਸ ਮੌਕੇ ਭਗਵੰਤ ਮਾਨ ਨੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਦੂਰ-ਦੁਰਾਡੇ ਤੋਂ ਲਿਆਉਣ ਲਈ ਟਰਾਂਸਪੋਰਟ ਸਹੂਲਤ ਦੀ ਵੀ ਸ਼ੁਰੂਆਤ ਕੀਤੀ। ਇਸ ਸਬੰਧੀ ਤਿਆਰ ਕੀਤੀਆਂ ਗਈਆਂ ਸਕੂਲ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਹਰ ਪੰਦਰਾਂ ਦਿਨਾਂ ਬਾਅਦ ਸੂਬੇ ਵਿਚ ਇਕ ਨਵੇਂ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਹੋਵੇਗੀ ਅਤੇ ਸੂਬੇ ਭਰ ਵਿੱਚ ਸਾਰੇ ਸਰਕਾਰੀ ਸਕੂਲ ਇਸੇ ਤਰਜ਼ ‘ਤੇ ਬਣਨਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ‘ਇਕ ਦੇਸ਼-ਇਕ ਸਿੱਖਿਆ’ ਦਾ ਨਾਅਰਾ ਦਿੱਤਾ ਹੈ, ਜਿਸ ਤਹਿਤ ਸਿੱਖਿਆ ਦੇ ਖੇਤਰ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ। ‘ਇਸ ਨਾਅਰੇ ਨੂੰ ਹੁਣ ਸਾਕਾਰ ਕੀਤਾ ਜਾ ਰਿਹਾ ਹੈ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਜਲਦੀ ਹੋਰ ਦਾਖ਼ਲੇ ਵਧਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਖਾਸ ਤੌਰ ਉਤੇ ਗਰੀਬ ਅਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਗਰੀਬ ਵਿਦਿਆਰਥੀਆਂ ਦੀ ਭਲਾਈ ਵਾਸਤੇ ਅਜਿਹੇ ਹੋਰ ਸਕੂਲ ਖੋਲ੍ਹੇ ਜਾਣਗੇ। ਇਸ ਮੌਕੇ ਦੋਵੇਂ ਮੁੱਖ ਮੰਤਰੀਆਂ ਨੇ ਜਮਾਤਾਂ ਦਾ ਦੌਰਾ ਕਰ ਕੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਛੇਹਰਟਾ ਵਿਖੇ ਸਕੂਲ ਦੀ ਇਮਾਰਤ ਨੂੰ ਨਵੀਂ ਦਿਖ ਦਿੱਤੀ ਗਈ ਹੈ। ਖੇਡ ਦੇ ਮੈਦਾਨਾਂ ਦੇ ਨਾਲ ਨਾਲ ਨਵੀਆਂ ਲੈਬਾਂ ਤਿਆਰ ਕੀਤੀਆਂ ਗਈਆਂ ਹਨ।
ਕੇਜਰੀਵਾਲ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਬੇਰੁਜ਼ਗਾਰ ਅਧਿਆਪਕ ਹਿਰਾਸਤ ‘ਚ ਲਏ
ਪੰਜਾਬ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨ ਤੋਂ ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸਮਾਗਮ ਲਈ ਪੰਜਾਬ ਸਰਕਾਰ ਵਲੋਂ ਇਕੱਠ ਕਰਨ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ। ਇਸ ਸਮਾਗਮ ਵਿਚ ਖ਼ਲਲ ਪੈਣ ਦੇ ਖਦਸ਼ੇ ਕਾਰਨ ਪੰਜਾਬ ਪੁਲਿਸ ਨੇ ਬੇਰੁਜ਼ਗਾਰ ਅਧਿਆਪਕ ਆਗੂਆਂ ਨੂੰ ਹਿਰਾਸਤ ਲੈ ਲਿਆ। ਇਨ੍ਹਾਂ ਅਧਿਆਪਕਾਂ ਵਿਚ ਮਾਨਸਾ ਤੋਂ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਪ੍ਰਧਾਨ ਗੁਰਲਾਭ ਸਿੰਘ ਨੂੰ ਵੱਡੇ ਤੜਕੇ ਉਸ ਦੇ ਮਾਨਸਾ ਜ਼ਿਲ੍ਹੇ ਵਿੱਚ ਸਥਿਤ ਪਿੰਡ ਹਾਕਮ ਵਾਲਾ ਤੋਂ ਹਿਰਾਸਤ ਲਿਆ ਗਿਆ ਹੈ। ਮਾਨਸਾ ਤੋਂ ਹੀ ਅਧਿਆਪਕ ਆਗੂ ਸਿੱਪੀ ਸ਼ਰਮਾ ਨੂੰ ਪੁਲਿਸ ਨੇ ਸਵੇਰੇ ਸਵੇਰੇ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇਹ ਸਿੱਪੀ ਸ਼ਰਮਾ ਉਹ ਲੜਕੀ ਹੈ, ਜਿਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿਖੇ ਧਰਨੇ ਵਿੱਚ ਪੁੱਜ ਕੇ ਮੂੰਹ ਬੋਲੀ ਭੈਣ ਕਿਹਾ ਸੀ। ਸਿੱਪੀ ਸ਼ਰਮਾ ਦੀ ਮਾਤਾ ਕਮਲਜੀਤ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਹਕੂਮਤਾਂ ਵਲੋਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇਣੀਆਂ ਤਾਂ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ ਅਤੇ ਨਾ ਹੀ ਹੱਕ ਮੰਗਦੇ ਬੱਚਿਆਂ ਨੂੰ ਹਿਰਾਸਤ ਵਿਚ ਲੈਣਾ ਚਾਹੀਦਾ ਹੈ।
ਕੁੰਵਰ ਵਿਜੇ ਪ੍ਰਤਾਪ ਨੇ ਆਮ ਆਦਮੀ ਪਾਰਟੀ ‘ਤੇ ਚੁੱਕੇ ਸਵਾਲ
ਅੰਮ੍ਰਿਤਸਰ : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੇਹਰਟਾ ਇਲਾਕੇ ਵਿਚ ਬਣੇ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਇਸ ਸਕੂਲ ਦੀ ਸ਼ੁਰੂਆਤ ਨੂੰ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿਚ ਨਿਵੇਕਲੀ ਪਹਿਲ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਸਕੂਲ ਆਫ਼ ਐਮੀਨੈਂਸ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ਨੂੰ ਲੈ ਕੇ ਅੰਮ੍ਰਿਤਸਰ ਤੋਂ ‘ਆਪ’ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੰਜ ਕਸਦਿਆਂ ਕਿਹਾ ਕਿ ਇਹ ਸਕੂਲ ਮੈਨੂੰ ਵੀ ਜ਼ਰੂਰ ਦਿਖਾਓ, ਜੇਕਰ ਇਹ ਨਵਾਂ ਬਣਿਆ ਹੋਵੇ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਪਹਿਲਾਂ ਤੋਂ ਹੀ ਇਕ ਬੇਹਤਰੀਨ ਸਕੂਲ ਹੈ ਅਤੇ ਇਸ ਨੂੰ ਸਮਾਰਟ ਸਕੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਸਤਪਾਲ ਡਾਂਗ ਨੇ ਇਸ ਸਕੂਲ ਦੀ ਕਾਇਆ ਕਲਪ ਕੀਤੀ ਸੀ ਅਤੇ ਉਨ੍ਹਾਂ ਦੀ ਭਤੀਜੀ ਮਧੂ ਡਾਂਗ ਨੇ ਹਾਲ ਹੀ ਵਿਚ ਇਕ ਫੰਕਸ਼ਨ ਵੀ ਇਥੇ ਕਰਵਾਇਆ ਸੀ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ। ਮੈਂ ਪਿਛਲੇ ਕਾਫ਼ੀ ਸਮੇਂ ਤੋਂ ਦੇਖ ਰਿਹਾ ਹਾਂ ਕਿ ਇਸ ਸਕੂਲ ਦੇ ਨਤੀਜੇ ਵੀ ਬਹੁਤ ਵਧੀਆ ਆਉਂਦੇ ਹਨ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਸੀਂ ਤਾਂ ਨਵੇਂ ਅਤੇ ਬੇਹਤਰੀਨ ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਅਸੀਂ ਕੀ ਕਰ ਰਹੇ ਹਾਂ ਇਸ ‘ਤੇ ਚਾਨਣਾ ਜ਼ਰੁਰ ਪਾਓ।
ਅੱਡਿਆਂ ‘ਚ ਬੱਸਾਂ ਉਡੀਕਦੇ ਰਹੇ ਲੋਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਤੋਂ ਸੂਬੇ ਦੇ ਪਹਿਲੇ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਮੌਕੇ ਪੰਜਾਬ ਭਰ ‘ਚੋਂ ਸਰਕਾਰੀ ਡਿੱਪੂਆਂ ਦੀਆਂ ਬੱਸਾਂ ਸਮਾਗਮ ਲਈ ‘ਆਪ’ ਸਮਰਥਕਾਂ ਨੂੰ ਢੋਣ ‘ਚ ਲੱਗੀਆਂ ਰਹੀਆਂ। ਇਸ ਦੌਰਾਨ ਬੱਸ ਅੱਡਿਆਂ ‘ਤੇ ਸਰਕਾਰੀ ਬੱਸਾਂ ਦੀ ਘਾਟ ਕਾਰਨ ਸਵਾਰੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ ਤੇ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਚਾਂਦੀ ਰਹੀ। ਸਮਾਗਮ ‘ਚ ਮੁੱਖ ਮਹਿਮਾਨ ਆਮ ਆਦਮੀ ਪਾਰਟੀ (ਆਪ) ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਨ।

 

 

RELATED ARTICLES
POPULAR POSTS