ਪ੍ਰਧਾਨ ਮੰਤਰੀ ਟਰੂਡੋ, ਪ੍ਰੀਮੀਅਰ ਫੋਰਡ ਸਮੇਤ ਹਰ ਪਾਸਿਓਂ ਮਿਲੀਆਂ ਵਧਾਈਆਂ
ਸੈਂਕੜੇ ਲੋਕ ਜਸ਼ਨ ਮਨਾਉਣ ‘ਪਰਵਾਸੀ’ ਦੇ ਵਿਹੜੇ ਪਹੁੰਚੇ
ਇਸ ਸ਼ੁਭ ਮੌਕੇ ‘ਅਨਹਦ’ ਟੀਵੀ ਵੀ ਕੀਤਾ ਗਿਆ ਲਾਂਚ
ਟੋਰਾਂਟੋ/ਬਿਊਰੋ ਨਿਊਜ਼ : ‘ਪਰਵਾਸੀ’ ਮੀਡੀਆ ਗਰੁੱਪ ਨੇ ਲੰਘੇ ਸ਼ਨੀਵਾਰ 23 ਅਪ੍ਰੈਲ ਨੂੰ ਆਪਣੇ ਮੀਡੀਆ ਦੇ ਖੇਤਰ ਵਿਚ 20 ਸਾਲ ਦੇ ਸਫ਼ਰ ਦੇ ਜਸ਼ਨ ਮਨਾਉਣ ਲਈ ਇਕ ਖਾਸ ਸਮਾਗਮ ਦਾ ਮਾਲਟਨ ਵਿਖੇ ‘ਪਰਵਾਸੀ’ ਦੇ ਮੁੱਖ ਦਫ਼ਤਰ ਵਿਚ ਆਯੋਜਨ ਕੀਤਾ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਕ ਖਾਸ ਵਧਾਈ ਸੰਦੇਸ਼ ਵਿਚ ‘ਪਰਵਾਸੀ’ ਮੀਡੀਆ ਗਰੁੱਪ ਨੂੰ ਮਿਆਰੀ ਪੱਤਰਕਾਰੀ ਅਤੇ ਪੰਜਾਬੀ ਕਮਿਊਨਿਟੀ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਲਈ ਵਧਾਈ ਦਿੱਤੀ ਅਤੇ ‘ਪਰਵਾਸੀ’ ਦੇ ਮੁੱਖ ਸੰਪਾਦਕ ਰਜਿੰਦਰ ਸੈਣੀ ਹੁਰਾਂ ਦਾ ਵਿਸ਼ੇਸ਼ ਤੌਰ ‘ਤੇ ਮੀਡੀਆ ਵਿਚ ਪਾਏ ਜਾ ਰਹੇ ਯੋਗਦਾਨ ਲਈ ਧੰਨਵਾਦ ਕੀਤਾ। ‘ਪਰਵਾਸੀ’ ਦੀ ਆਉਣ ਵਾਲੇ ਸਾਲਾਂ ਵਿਚ ਵਧੇਰੇ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਆਪਣੇ ਵਧਾਈ ਸੰਦੇਸ਼ ਵਿਚ ‘ਪਰਵਾਸੀ’ ਮੀਡੀਆ ਗਰੁੱਪ ਬਾਰੇ ਕਿਹਾ ਕਿ ਇਹ ਇਕ ਵਿਸ਼ਵਾਸਯੋਗ ਮੀਡੀਆ ਅਦਾਰਾ ਹੈ, ਜੋ ਬਹੁਤ ਮਿਹਨਤ ਦੇ ਨਾਲ ਪੰਜਾਬੀ ਅਖ਼ਬਾਰ ਤੋਂ ਇਲਾਵਾ ਮੀਡੀਆ ਦੇ ਹਰ ਖੇਤਰ ਵਿਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।
ਫੈਡਰਲ ਸਰਕਾਰ ਵੱਲੋਂ ਹਾਊਸਿੰਗ ਮਨਿਸਟਰ ਅਹਿਮਦ ਹੁਸੈਨ ਨੇ ਵੀ ਆਪਣੀ ਸਰਕਾਰ ਵੱਲੋਂ ਰਜਿੰਦਰ ਸੈਣੀ ਅਤੇ ‘ਪਰਵਾਸੀ’ ਮੀਡੀਆ ਗਰੁੱਪ ਨੂੰ ਵਧਾਈ ਦਿੱਤੀ। ਓਨਟਾਰੀਓ ਦੀ ਸਰਕਾਰ ਵੱਲੋਂ ਟਰੈਜ਼ਰੀ ਬੋਰਡ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਵੀ ਸ਼ਿਰਕਤ ਕਰਕੇ ‘ਪਰਵਾਸੀ’ ਮੀਡੀਆ ਗਰੁੱਪ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਭਾਰਤ ਸਰਕਾਰ ਦੀ ਨੁਮਾਇੰਦਗੀ ਕਰਦਿਆਂ ਟੋਰਾਂਟੋ ਸਥਿਤ ਕੌਂਸਲ ਜਨਰਲ ਆਫ਼ ਇੰਡੀਆ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਨੂੰ ਪਿੱਛੇ ਮੁਲਕ ਨਾਲ ਜੋੜ ਕੇ ਰੱਖਣ ਵਿਚ ਤੇ ਉਨਾਂ ਨੂੰ ਸਹੀ ਤੇ ਲੋੜੀਂਦੀ ਜਾਣਕਾਰੀ ਦੇਣ ਵਿਚ ‘ਪਰਵਾਸੀ’ ਮੀਡੀਆ ਦਾ ਸ਼ਲਾਘਾਯੋਗ ਰੋਲ ਹੈ। ‘ਪਰਵਾਸੀ’ ਦੀ 20ਵੀਂ ਵਰੇਗੰਢ ਦੇ ਕੇਕ ਕੱਟਣ ਦੀ ਰਸਮ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਅਦਾ ਕੀਤੀ। ਇਸ ਮੌਕੇ ‘ਤੇ ਪਹੁੰਚੇ ਫੈਡਰਲ ਸੀਨੀਅਰ ਮਨਿਸਟਰ ਕਮਲ ਖਹਿਰਾ ਤੇ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨੇ 24 ਘੰਟੇ ਗੁਰਬਾਣੀ ਸੰਗੀਤ ਨੂੰ ਸਮਰਪਿਤ ‘ਅਨਹਦ’ ਟੈਲੀਵਿਜ਼ਨ ਚੈਨਲ ਨੂੰ ਲਾਂਚ ਕਰਨ ਦੀ ਰਸਮ ਅਦਾ ਕੀਤੀ। ਜ਼ਿਕਰਯੋਗ ਹੈ ਕਿ ਇਸ ਚੈਨਲ ਵਿਚ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਇਲਾਵਾ ਦੁਨੀਆ ਭਰ ਦੇ ਕਈ ਇਤਿਹਾਸਕ ਗੁਰੂਘਰਾਂ ਤੋਂ ਰੋਜ਼ਾਨਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਹੋਰ ਪਹੁੰਚੀਆਂ ਸਨਮਾਨਯੋਗ ਸਖਸ਼ੀਅਤਾਂ ਵਿਚ ਮੈਂਬਰ ਪਾਰਲੀਮੈਂਟ ਕ੍ਰਿਸਟੀ ਡੰਕਨ, ਮਨਿੰਦਰ ਸਿੱਧੂ, ਇਕਵਿੰਦਰ ਗਹੀਰ ਤੇ ਰਿਚੀ ਵਾਲਡੇਜ਼ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਓਨਟਾਰੀਓ ਦੇ ਛੋਟੇ ਕਾਰੋਬਾਰਾਂ ਦੀ ਮੰਤਰੀ ਨੀਨਾ ਤਾਂਗੜੀ, ਐਨਡੀਪੀ ਦੇ ਡਿਪਟੀ ਹਾਊਸ ਲੀਡਰ ਗੁਰਰਤਨ ਸਿੰਘ ਐਮਪੀਪੀ, ਸਾਰਾ ਸਿੰਘ ਅਤੇ ਦੀਪਕ ਆਨੰਦ ਐਮਪੀਪੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਵੀ ਇਸ ਮੌਕੇ ਸ਼ਿਰਕਤ ਕਰਕੇ ‘ਪਰਵਾਸੀ’ ਮੀਡੀਆ ਗਰੁੱਪ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਖੁਸ਼ੀ ਪ੍ਰਗਟ ਕੀਤੀ ਕਿ ‘ਪਰਵਾਸੀ’ ਮੀਡੀਆ ਦਾ ਦਫ਼ਤਰ ਉਨ੍ਹਾਂ ਦੇ ਸ਼ਹਿਰ ਮਿਸੀਸਾਗਾ ਦੇ ਵਿਚ ਹੈ। ਬਰੈਂਪਟਨ ਸਿਟੀ ਤੋਂ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ‘ਪਰਵਾਸੀ’ ਮੀਡੀਆ ਗਰੁੱਪ ਇਸ ਸਮੇਂ ਕੈਨੇਡਾ ਦੇ ਸਾਊਥ ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਮੀਡੀਆ ਅਦਾਰਾ ਹੈ। ਜਿਸ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਦੋ ਅਖ਼ਬਾਰਾਂ, ਰੇਡੀਓ ਪ੍ਰੋਗਰਾਮ, ਜੀਟੀਏ ਵਿਚ ਸਭ ਤੋਂ ਵੱਡੀ ਡਾਇਰੈਕਟਰੀ ਅਤੇ ਦੋ ਟੈਲੀਵਿਜ਼ਨ ਚੈਨਲ (ਪਰਵਾਸੀ ਟੀਵੀ ਅਤੇ ਅਨਹਦ ਟੀਵੀ) ਸ਼ਾਮਲ ਹਨ। ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨੇ ਇਸ ਮੌਕੇ ‘ਤੇ ਪਹੁੰਚੇ ਆਪਣੇ ਸਾਰੇ ਬਿਜਨਸ ਸਹਿਯੋਗੀਆਂ, ਸਪਾਂਸਰਾਂ, ਪਾਠਕਾਂ, ਸਰੋਤਿਆਂ, ਦਰਸ਼ਕਾਂ, ਦੋਸਤਾਂ-ਮਿੱਤਰਾਂ ਸਮੇਤ ਕਮਿਊਨਿਟੀ ਦੇ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਜਿਹੜੇ ‘ਪਰਵਾਸੀ’ ਮੀਡੀਆ ਦੇ 20 ਸਾਲ ਦੇ ਜਸ਼ਨਾਂ ਵਿਚ ਸ਼ਾਮਲ ਹੋਏ। ਉਨ੍ਹਾਂ ਜਿੱਥੇ ‘ਪਰਵਾਸੀ’ ਮੀਡੀਆ ਦੀ ਸਮੁੱਚੀ ਟੀਮ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸ਼ਾ ਕੀਤੀ, ਉਥੇ ਹੀ ਫੋਟੋਗ੍ਰਾਫ਼ਰ ਬਸ਼ੀਰ ਨਾਸਿਰ ਅਤੇ ਪੰਜਾਬੀ ਬਾਏਨੇਚਰ ਰੈਸਟੋਰੈਂਟ ਵੱਲੋਂ ਖਾਣੇ ਦੇ ਸ਼ਾਨਦਾਰ ਪ੍ਰਬੰਧ ਲਈ ਵੀ ਧੰਨਵਾਦ ਕੀਤਾ।