9.4 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਹੜ੍ਹਾਂ ਦੀ ਮਾਰ : ਉਮਰਾਂ ਦੀ ਕਮਾਈ ਪਾਣੀ 'ਚ ਰੁੜ੍ਹੀ

ਹੜ੍ਹਾਂ ਦੀ ਮਾਰ : ਉਮਰਾਂ ਦੀ ਕਮਾਈ ਪਾਣੀ ‘ਚ ਰੁੜ੍ਹੀ

ਪਾਣੀ ਘਟਣ ਮਗਰੋਂ ਲੋਕ ਘਰਾਂ ਨੂੰ ਪਰਤਣ ਲੱਗੇ; ਪਸ਼ੂਆਂ ਲਈ ਚਾਰੇ ਦੀ ਘਾਟ
ਫਿਰੋਜ਼ਪੁਰ/ਬਿਊਰੋ ਨਿਊਜ਼ : ਪਾਣੀ ਦਾ ਪੱਧਰ ਘਟਣ ਨਾਲ ਪੰਜਾਬ ‘ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਲੋਕ ਆਪਣੇ ਘਰਾਂ ਨੂੰ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ। ਘਰਾਂ ਨੂੰ ਪਰਤਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਪਾਣੀ ਖੜ੍ਹੇ ਰਹਿਣ ਨਾਲ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਹਨ ਅਤੇ ਖੇਤਾਂ ਵਿੱਚ ਪਾਣੀ ਖੜ੍ਹਾ ਹੈ ਜਿਸ ਦੀ ਭੜਾਸ ਬਹੁਤ ਜ਼ਿਆਦਾ ਹੋ ਰਹੀ ਹੈ। ਪਿੰਡ ਬੰਡਾਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਜ਼ਰੂਰ ਘੱਟਣਾ ਸ਼ੁਰੂ ਹੋ ਗਿਆ ਹੈ, ਪਰ ਮੁਸ਼ਕਲਾਂ ਹਾਲੇ ਵੀ ਖਤਮ ਨਹੀਂ ਹੋਈਆਂ। ਕਿਸਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਜਿਵੇਂ ਘਟ ਸੁੱਕ ਰਿਹਾ ਹੈ, ਉਸੇ ਤਰ੍ਹਾਂ ਬਦਬੂ ਵੀ ਫੈਲਣੀ ਸ਼ੁਰੂ ਹੋ ਗਈ ਹੈ। ਇਸ ਨਾਲ ਲੱਗਦਾ ਹੈ ਕਿ ਬਿਮਾਰੀਆਂ ਹੋਰ ਤੇਜ਼ੀ ਨਾਲ ਫੈਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਲੋਕਾਂ ਦਾ ਮੈਡੀਕਲ ਚੈਕਅਪ ਹੋਣਾ ਚਾਹੀਦਾ ਹੈ। ਖਾਰਸ਼ ਐਲਰਜੀ ਬਹੁਤ ਵੱਧ ਰਹੀ ਹੈ ਅਤੇ ਜਿਵੇਂ ਹੀ ਪਾਣੀ ਦਾ ਰੰਗ ਚਿੱਟੇ ਤੋਂ ਬਦਲ ਕੇ ਕਾਲਾ ਹੋ ਗਿਆ ਹੈ, ਉਸ ਵਿਚੋਂ ਭਾਰੀ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੱਛਰ ਬਹੁਤ ਜ਼ਿਆਦਾ ਹੈ, ਜਿਸ ਨਾਲ ਮਲੇਰੀਆ, ਟਾਈਫਾਈਡ, ਐਲਰਜੀ, ਖਾਂਸੀ, ਜੁਕਾਮ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ। ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਪਾਣੀ ਘੱਟਣ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਿਲ ਪਸ਼ੂਆਂ ਦੇ ਚਾਰੇ ਦੀ ਆਉਣੀ ਹੈ। ਇਸ ਵੇਲੇ ਤਾਂ ਕਈ ਸੰਸਥਾਵਾਂ ਚਾਰਾ ਲੈ ਕੇ ਪਹੁੰਚ ਰਹੀਆਂ ਹਨ, ਪਰ ਜਿਵੇਂ ਹੀ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇਗਾ, ਉਸ ਤੋਂ ਬਾਅਦ ਸਾਡੇ ਲਈ ਹਰੇ ਚਾਰੇ ਦੀ ਕਮੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਖੇਤਾਂ ਵਿੱਚ ਦੋ-ਤਿੰਨ ਮਹੀਨੇ ਤੱਕ ਕੋਈ ਵੀ ਫਸਲ ਬੀਜੀ ਨਹੀਂ ਜਾ ਸਕਦੀ। ਇਸ ਦੇ ਨਾਲ ਹੀ ਡੰਗਰਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਰਿਹਾ ਹੈ, ਜਿਸ ਕਰਕੇ ਪਸ਼ੂਆਂ ਦੇ ਡਾਕਟਰਾਂ ਦੀ ਬਹੁਤ ਜ਼ਰੂਰਤ ਹੈ। ਹੜ੍ਹ ਅਤੇ ਲਗਾਤਾਰ ਪਏ ਮੀਂਹ ਕਾਰਨ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਪਿੰਡ ਬਸਤੀ ਜੱਲੋ ਜਲੋ ਕੀਆਂ ਬਹਿਕਾਂ ਦੇ ਬਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕਈਆਂ ਦੇ ਘਰ, ਕੰਧਾਂ ਡਿੱਗ ਪਈਆਂ ਹਨ ਅਤੇ ਕਈ ਘਰਾਂ, ਕੰਧਾਂ ਵਿੱਚ ਵੱਡੀਆਂ ਤਰੇੜਾਂ ਪੈ ਗਈਆਂ ਹਨ। ਬਲਜੀਤ ਸਿੰਘ ਨੇ ਅੱਗੇ ਦੱਸਿਆ ਹੈ ਕਿ ਲਗਾਤਾਰ ਪਾਣੀ ਖੜੇ ਰਹਿਣ ਨਾਲ ਨੀਹਾਂ ਕਮਜ਼ੋਰ ਹੋ ਗਈਆਂ ਹਨ ਅਤੇ ਘਰ ਕਿਸੇ ਵੀ ਸਮੇਂ ਡਿੱਗ ਸਕਦੇ ਹਨ, ਜਿਸ ਕਾਰਨ ਪਰਿਵਾਰ ਦਹਿਸ਼ਤ ਵਿੱਚ ਜੀਵਨ ਬਿਤਾ ਰਹੇ ਹਨ।
ਪਿੰਡ ਦੂਲਾ ਸਿੰਘ ਵਾਲਾ ਦੇ ਕਿਸਾਨ ਗੁਰਭੇਜ ਸਿੰਘ ਅਤੇ ਬਲਕਾਰ ਸਿੰਘ ਨੇ ਆਪਣਾ ਘਰ ਵਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਮਿਹਨਤ ਕਰਕੇ ਅਤੇ ਕਰਜ਼ਾ ਲੈ ਕੇ ਬਣਾਇਆ ਘਰ ਅੱਜ ਹੜ੍ਹ ਦੇ ਪਾਣੀ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੰਧਾਂ ਵਿੱਚ ਆਈਆਂ ਡੂੰਘੀਆਂ ਤਰੇੜਾਂ ਕਾਰਨ ਹੁਣ ਥੱਲੇ ਸੌਣ ਤੋਂ ਵੀ ਡਰ ਲੱਗਦਾ ਹੈ। ਘਰ ਦਾ ਸਮਾਨ ਵੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ। ਹੜ੍ਹ ਪੀੜਤ ਗੁਰਤੇਜ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਸਾਰੀ ਉਮਰ ਦੀ ਮਿਹਨਤ ਦਾ ਨਤੀਜਾ ਸੀ, ”ਇਹ ਛੋਟਾ ਜਿਹਾ ਘਰ” ਜੋ ਸਾਡੇ ਤੋਂ ਖੁਸਣ ਵਾਲਾ ਹੈ। ਸਰਕਾਰ ਸਾਡੀ ਮਦਦ ਕਰੇ ਤਾਂ ਜੋ ਅਸੀਂ ਆਪਣੇ ਘਰਾਂ ਨੂੰ ਮੁੜ ਠੀਕ ਕਰ ਸਕੀਏ।

 

RELATED ARTICLES
POPULAR POSTS