ਸੁੱਖ ਰਾਮ ਰਿਟਾਇਰਮੈਂਟ ਤੋਂ ਬਾਅਦ ਸਕੂਲਾਂ ‘ਚ ਬੱਚਿਆਂ ਨੂੰ ਸਿਖਾ ਰਹੇ ਕੈਲੀਗ੍ਰਾਫੀ
ਮੁਫਤ ‘ਚ ਦਿੰਦੇ ਹਨ ਟ੍ਰੇਨਿੰਗ, ਹੁਣ ਤੱਕ 40 ਤੋਂ ਜ਼ਿਆਦਾ ਸਕੂਲਾਂ ‘ਚ ਲਗਾ ਚੁੱਕੇ ਹਨ ਵਰਕਸ਼ਾਪ
ਲੁਧਿਆਣਾ/ਬਿਊਰੋ ਨਿਊਜ਼ : ਇਕ ਅਧਿਆਪਕ ਜ਼ਿੰਦਗੀ ਭਰ ਦੇ ਲਈ ਅਧਿਆਪਕ ਹੀ ਰਹਿੰਦਾ ਹੈ। ਅਧਿਆਪਕ ਭਾਵੇਂ ਰਿਟਾਇਰ ਵੀ ਹੋ ਜਾਵੇ, ਪਰ ਬੱਚਿਆਂ ਨੂੰ ਸਿੱਖਿਆ ਦੇਣ ਦੀ ਲਾਲਸਾ ਉਨ੍ਹਾਂ ਵਿਚ ਹਮੇਸ਼ਾ ਬਣੀ ਹੀ ਰਹਿੰਦੀ ਹੈ। ਪੜ੍ਹਾਉਣ ਦੇ ਇਸੇ ਜਜ਼ਬੇ ਨੂੰ ਅਧਿਆਪਕ ਸੁੱਖ ਰਾਮ ਰਿਟਾਇਰਮੈਂਟ ਦੇ ਤਿੰਨ ਸਾਲ ਬਾਅਦ ਵੀ ਜਾਰੀ ਰੱਖ ਰਹੇ ਹਨ। 2021 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਂ ਖੁਰਦ (ਲੁਧਿਆਣਾ) ‘ਚੋਂ ਮੁੱਖ ਅਧਿਆਪਕ ਦੇ ਤੌਰ ‘ਤੇ ਰਿਟਾਇਰ ਸੁੱਖ ਰਾਮ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੈਲੀਗ੍ਰਾਫੀ ਸਿਖਾ ਰਹੇ ਹਨ। ਇਹੀ ਨਹੀਂ ਕੈਲੀਗ੍ਰਾਫੀ ਸਿਖਾਉਣ ਦੇ ਲਈ ਉਹ ਕਿਸੇ ਤਰ੍ਹਾਂ ਦੀ ਨਾ ਹੀ ਫੀਸ ਲੈਂਦੇ ਹਨ ਅਤੇ ਨਾ ਹੀ ਆਉਣ ਜਾਣ ਦੀ ਕੋਈ ਫੀਸ ਲੈਂਦੇ ਹਨ। ਹੁਣ ਦੱਕ ਉਹ 40 ਸਕੂਲਾਂ ਵਿਚ ਵਰਕਸ਼ਾਪ ਲਗਾ ਕੇ ਟ੍ਰੇਨਿੰਗ ਦੇ ਚੁੱਕੇ ਹਨ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੈਲੀਗ੍ਰਾਫੀ ਸਿਖਾਉਣ ਤੋਂ ਇਲਾਵਾ ਉਹ ਮਿਡਲ ਅਤੇ ਹਾਈ ਸਕੂਲਾਂ ਵਲੋਂ ਬੁਲਾਏ ਜਾਣ ‘ਤੇ ਵੀ ਸਕੂਲਾਂ ਵਿਚ ਜਾ ਕੇ ਇਕ ਦਿਨ ਦੀ ਟ੍ਰੇਨਿੰਗ ਦਿੰਦੇ ਹਨ। ਇਸ ਟ੍ਰੇਨਿੰਗ ਦੇ ਲਈ ਉਨ੍ਹਾਂ ਨੂੰ ਦੂਜੇ ਜ਼ਿਲ੍ਹਿਆਂ ਵਿਚ ਵੀ ਸੁਨੇਹੇ ਆਉਂਦੇ ਹਨ।
ਸਰਕਾਰੀ ਪ੍ਰਾਇਮਰੀ ਸਕੂਲ ਖਾਸੀ ਕਲਾਂ ‘ਚ ਬਿਨਾ ਸੈਲਰੀ ਦੇ ਪੰਜਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾ ਰਹੇ ਸੁੱਖ ਰਾਮ
ਖੁਦ ਬੇਹੱਦ ਸਧਾਰਨ ਪਰਿਵਾਰ ਨਾਲ ਸਬੰਧਿਤ ਅਧਿਆਪਕ ਸੁੱਖ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਖੁਦ ਦੀ ਲਿਖਾਈ ਚੰਗੀ ਸੀ ਅਤੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਕੈਲੀਗ੍ਰਾਫੀ ਕੰਪਟੀਸ਼ਨ ਵਿਚ ਹਿੱਸਾ ਲੈ ਕੇ ਜਿੱਤ ਵੀ ਹਾਸਲ ਕਰਦੇ ਸਨ। ਲਿਖਣ ਦੀ ਆਦਤ ਵਿਚ ਗਿਰਾਵਟ ਦੇ ਕਾਰਨ ਲਿਖਾਈ ਬੇਹੱਦ ਖਰਾਬ ਹੁੰਦੀ ਜਾ ਰਹੀ ਹੈ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਇਸ ਕਲਾ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਖਾਇਆ ਜਾਏ। ਕੈਲੀਗ੍ਰਾਫੀ ਦੀ ਟ੍ਰੇਨਿੰਗ ਤੋਂ ਇਲਾਵਾ ਸੁੱਖ ਰਾਮ ਸਰਕਾਰੀ ਪ੍ਰਾਇਮਰੀ ਸਕੂਲ ਖਾਸੀ ਕਲਾਂ ਵਿਚ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਇਥੇ ਵੀ ਉਹ ਆਪਣੀਆਂ ਸੇਵਾਵਾਂ ਬਿਨਾ ਕਿਸੇ ਸੈਲਰੀ ਤੋਂ ਦੇ ਰਹੇ ਹਨ।
ਵਿਭਾਗ ਨੇ ਅਧਿਆਪਕਾਂ ਦੇ ਲਈ ਕਰਵਾਈ ਸੀ ਵਰਕਸ਼ਾਪ
ਸੁੱਖ ਰਾਮ ਹੋਰਾਂ ਨੇ ਦੱਸਿਆ ਕਿ ਵਿਭਾਗ ਵਲੋਂ ਅਧਿਆਪਕਾਂ ਦੀ ਲਿਖਾਈ ਨੂੰ ਬਿਹਤਰ ਬਣਾਉਣ ਲਈ ਕਈ ਸਾਲ ਪਹਿਲਾਂ ਵਰਕਸ਼ਾਪ ਕਰਵਾਈ ਸੀ। ਜਿਸ ਵਿਚ ਉਨ੍ਹਾਂ ਨੇ ਵੀ ਹਿੱਸਾ ਲਿਆ ਸੀ, ਜਿਥੋਂ ਉਨ੍ਹਾਂ ਵੀ ਟਿੱਪਸ ਸਿੱਖੇ ਸਨ, ਜਿਸ ਨਾਲ ਕਾਫੀ ਫਾਇਦਾ ਮਿਲਿਆ। ਟ੍ਰੇਨਿੰਗ ਦੇ ਦੌਰਾਨ ਉਹ ਵਿਦਿਆਰਥੀਆਂ ਦੇ ਨਾਲ ਹੀ ਅਧਿਆਪਕਾਂ ਨੂੰ ਵੀ ਪੰਜਾਬ ਦੀ ਕੈਲੀਗ੍ਰਾਫੀ ਸਿਖਾਉਂਦੇ ਹਨ। ਇਕ ਦਿਨ ਦੀ ਵਰਕਸ਼ਾਪ ਦੌਰਾਨ ਪਹਿਲਾਂ ਜੈਲ ਪੈਨ ਨਾਲ ਕਾਪੀ ‘ਤੇ ਲਿਖਣਾ ਸਿਖਾਇਆ ਜਾਂਦਾ ਹੈ। ਉਸ ਤੋਂ ਬਾਅਦ ਪੇਪਰ ‘ਤੇ ਸਿਆਹੀ ਨਾਲ ਕੈਲੀਗ੍ਰਾਫੀ ਕਰਨਾ ਸਿਖਾਉਂਦੇ ਹਨ। ਅਧਿਆਪਕ ਸੁੱਖ ਰਾਮ 2014 ਵਿਚ ਸਟੇਟ ਟੀਚਰ ਐਵਾਰਡ ਹਾਸਲ ਕਰ ਚੁੱਕੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਭਾਮੀਆਂ ਖੁਰਦ ਨੂੰ ਸਮਾਰਟ ਸਕੂਲ ਵਿਚ ਬਦਲਣ ਦੇ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੇ ਕੰਮ, ਜਿਵੇਂ ਕਿ ਨਵੀਂ ਬਿਲਡਿੰਗ, ਨਵੇਂ ਕਮਰੇ ਬਣਵਾਉਣਾ, ਮਿਡ ਡੇਅ ਮੀਲ ਦੇ ਲਈ ਬੱਚਿਆਂ ਵਾਸਤੇ ਸ਼ੈਡ ਬਣਾਉਣਾ, ਬਾਊਂਡਰੀ ਵਾਲ ਅਤੇ ਬਾਸ਼ਰੂਮ ਤਿਆਰ ਕਰਵਾਏ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …