ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ 4 ਏਕੜ ‘ਚ ਤਿਆਰ ਹੋ ਰਹੇ ਹਨ 1 ਅਰਬ ਬੂਟੇ
ਪਟਿਆਲਾ : ਪੰਜਾਬ ਨੂੰ ਫਿਰ ਤੋਂ ਹਰਿਆ-ਭਰਿਆ ਬਣਾਉਣ ਦੇ ਲਈ ਸੰਸਥਾ ਰਾਊਂਡਗਲਾਸ ਨੇ ਸੂਬਾ ਸਰਕਾਰ ਦੇ ਨਾਲ ਮਿਲ ਕੇ ਸੂਬੇ ਵਿਚ 1 ਅਰਬ ਮੁਫਤ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਇਹ ਪ੍ਰੋਜੈਕਟ ਕਰੀਬ 30 ਸਾਲ ਦਾ ਹੈ। ਇਨ੍ਹਾਂ ਬੂਟਿਆਂ ਨੂੰ ਪਟਿਆਲਾ ਦੇ ਪਿੰਡ ਲੰਗ ਵਿਚ ਸੰਸਥਾ ਦੀ ਆਪਣੀ ਨਰਸਰੀ ਵਿਚ ਤਿਆਰ ਕੀਤਾ ਜਾ ਰਿਹਾ ਹੈ। ਕਰੀਬ 4 ਏਕੜ ਜ਼ਮੀਨ ਵਿਚ ਇਹ ਨਰਸਰੀ ਤਿਆਰ ਕੀਤੀ ਗਈ ਹੈ, ਜਿੱਥੇ 170 ਤਰ੍ਹਾਂ ਦੇ ਬੂਟਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਚ ਜ਼ਿਆਦਾਤਰ ਫਲਦਾਰ ਬੂਟੇ ਹਨ। ਖਾਸ ਗੱਲ ਇਹ ਹੈ ਕਿ ਇਹ ਸੰਸਥਾ ਸੂਬੇ ਵਿਚ ਖਤਮ ਹੋ ਰਹੇ ਬੂਟਿਆਂ ਨੂੰ ਵੀ ਇਸ ਸਕੀਮ ਵਿਚ ਸ਼ਾਮਲ ਕਰਕੇ ਪੁਨਰਜੀਵਤ ਕਰ ਰਹੀ ਹੈ। ਇਸ ਨੇ ਢਕ (ਪਲਾਸ), ਦੇਸੀ ਅੰਬ, ਰੇਰੂ, ਫੁਲਾਹੀ, ਲਸੂੜੀ/ਲਸੂੜਾ, ਮਲੇ ਬੇਰ, ਵਣ, ਰਹੂੜਾ, ਚਮਰੋੜ, ਪੀਲੂ, ਫਰਮਾਂਹ, ਬਰਨਾ ਵਰਗੇ ਲੁਪਤ ਹੋ ਚੁੱਕੇ ਬੂਟਿਆਂ ਨੂੰ ਤਿਆਰ ਕਰ ਲਿਆ ਹੈ। ਇਹ ਬੂਟੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਜੰਗਲ ਦੇ ਰੂਪ ਵਿਚ ਮੁਫਤ ਲਗਾਏ ਜਾ ਰਹੇ ਹਨ।
ਰਿਸਰਚ ਸੈਂਟਰ ਬਣਾਇਆ : 35 ਵਿਅਕਤੀਆਂ ਦੀ ਟੀਮ ਕਰ ਰਹੀ ਹੈ ਕੰਮ
ਸੰਸਥਾ ਨੂੰ ਪੰਜਾਬ ਵਿਚ ਲੀਡ ਕਰ ਰਹੇ ਡਾ. ਰਜਨੀਸ਼ ਦੱਸਦੇ ਹਨ ਕਿ ਰਾਊਂਡ ਗਲਾਸ ਸੰਸਥਾ ਨੂੰ ਐਨਆਰਆਈ ਅਮਰੀਕਾ ਨਿਵਾਸੀ ਗੁਰਪ੍ਰੀਤ ਸਿੰਘ ਚਲਾਉਂਦੇ ਹਨ, ਪਰ ਫਿਲਹਾਲ ਪੰਜਾਬ ਵਿਚ ਉਹੀ ਇਸ ਪ੍ਰੋਜੈਕਟ ਨੂੰ ਦੇਖ ਰਹੇ ਹਨ। ਉਨ੍ਹਾਂ ਦੀ ਸੰਸਥਾ ਵਲੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਘ ਵਿਚ ਬੂਟਿਆਂ ਨੂੰ ਤਿਆਰ ਕਰਨ ਦੇ ਲਈ ਬਕਾਇਦਾ ਰਿਸਰਚ ਸੈਂਟਰ ਬਣਾਇਆ ਗਿਆ ਹੈ, ਜਿੱਥੇ 35 ਵਿਅਕਤੀ ਲਗਾਤਾਰ ਕੰਮ ਕਰ ਰਹੇ ਹਨ।
900 ਤੋਂ ਜ਼ਿਆਦਾ ਪਿੰਡਾਂ ‘ਚ ਲਗਾ ਚੁੱਕੇ ਹਨ 10 ਲੱਖ ਬੂਟੇ
ਡਾ. ਰਜਨੀਸ਼ ਦੱਸਦੇ ਹਨ ਕਿ ਹੁਣ ਤੱਕ ਉਨ੍ਹਾਂ ਦੀ ਸੰਸਥਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 900 ਤੋਂ ਜ਼ਿਆਦਾ ਪਿੰਡਾਂ ਵਿਚ ਕਰੀਬ 10 ਲੱਖ ਬੂਟੇ ਲਗਾ ਚੁੱਕੀ ਹੈ। ਜੇਕਰ ਕੋਈ ਪਿੰਡ ਉਨ੍ਹਾਂ ਦੀ ਸੰਸਥਾ ਕੋਲੋਂ ਮਿੰਨੀ ਜੰਗਲ ਲਗਾਵਾਉਣਾ ਚਾਹੁੰਦਾ ਹੈ ਤਾਂ ਘੱਟ ਤੋਂ ਘੱਟ 1 ਕਨਾਲ ਤੋਂ 10 ਏਕੜ ਤੱਕ ਜਗ੍ਹਾ ਹੋਣੀ ਚਾਹੀਦੀ ਹੈ। ਜੰਗਲ ਲਗਾਉਣ ਦਾ ਕਿਸੇ ਵੀ ਪੰਚਾਇਤ, ਕਲੱਬ, ਸਕੂਲ-ਕਾਲਜ ਜਾਂ ਕਿਸਾਨ ਕੋਲੋਂ ਕੋਈ ਖਰਚ ਨਹੀਂ ਲਿਆ ਜਾਂਦਾ ਅਤੇ ਬੂਟਿਆਂ ਦੀ ਪਹੁੰਚ ਵੀ ਮੁਫਤ ਕਰਵਾਈ ਜਾਂਦੀ ਹੈ। ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਰੋਪੜ, ਫਤਹਿਗੜ੍ਹ ਸਾਹਿਬ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿਚ ਸੰਸਥਾ ਕੰਮ ਕਰ ਚੁੱਕੀ ਹੈ। ਉਨ੍ਹਾਂ ਦੇ ਇਸ ਪ੍ਰੋਜੈਕਟ ਵਿਚ ਪੰਜਾਬ ਸਰਕਾਰ ਨੇ ਵਣ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਯੂਥ ਕਲੱਬ ਸਣੇ ਕਈ ਨਿੱਜੀ ਕਿਸਾਨ ਵੀ ਸਹਿਯੋਗ ਕਰ ਰਹੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …