Breaking News
Home / ਹਫ਼ਤਾਵਾਰੀ ਫੇਰੀ / ’84 ਸਿੱਖ ਕਤਲੇਆਮ ਦੇ ਨਾਂ ‘ਤੇ ਅਕਾਲੀ-ਕਾਂਗਰਸੀ ਖੇਡੇ ਕਾਲਾ-ਚਿੱਟਾ

’84 ਸਿੱਖ ਕਤਲੇਆਮ ਦੇ ਨਾਂ ‘ਤੇ ਅਕਾਲੀ-ਕਾਂਗਰਸੀ ਖੇਡੇ ਕਾਲਾ-ਚਿੱਟਾ

ਅਕਾਲੀ ਆਗੂਆਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਮਲ਼ੀ
ਕਾਂਗਰਸੀ ਆਗੂਆਂ ਨੇ ਰਾਜੀਵ ਦੇ ਉਸੇ ਬੁੱਤ ਨੂੰ ਦੁੱਧ ਨਾਲ ਧੋਤਾ
ਲੁਧਿਆਣਾ : 1984 ਸਿੱਖ ਵਿਰੋਧੀ ਕਤਲੇਆਮ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਦੇ ਦੋ ਵਰਕਰਾਂ ਨੇ ਲੁਧਿਆਣਾ ਵਿਚ ਸਲੇਮ ਟਾਬਰੀ ਇਲਾਕੇ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਾ ਰੰਗ ਅਤੇ ਹੱਥਾਂ ਨੂੰ ਲਾਲ ਰੰਗ ਕਰ ਦਿੱਤਾ। ਅਕਾਲੀ ਦਲ ਦੇ ਆਗੂਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੋਲੋਂ ‘ਭਾਰਤ ਰਤਨ’ ਵਾਪਸ ਲੈਣ ਦਾ ਮਤਾ ਪਾਸ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ।ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਨੇ ਮੰਗਲਵਾਰ ਸਵੇਰੇ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲੇ ਤੇ ਲਾਲ ਰੰਗ ਵਿੱਚ ਰੰਗਣ ਤੋਂ ਬਾਅਦ ਕਿਹਾ ਕਿ ਰਾਜੀਵ ਗਾਂਧੀ ਹੀ 1984 ਵਿਚ ਸਿੱਖਾਂ ਦੇ ਕਤਲਾਂ ਦਾ ਮਾਸਟਰਮਾਈਂਡ ਹੈ। ਦੋਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਤੇ ਨਾ ਹੀ ਕਾਂਗਰਸ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਕਾਨੂੰਨ ਤੋਂ ਡਰਦੇ ਹਨ। ਪੁਲਿਸ ਵੱਲੋਂ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।ਰਾਜੀਵ ਗਾਂਧੀ ਦੇ ਬੁੱਤ ‘ਤੇ ਅਕਾਲੀ ਆਗੂਆਂ ਵੱਲੋਂ ਕਾਲਖ ਲਗਾਉਣ ਦੇ ਮਾਮਲੇ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਵੀ ਦੇ ਦਿੱਤੇ ਹਨ।
ਦਸਤਾਰ ਨਾਲ ਬੁੱਤ ਨੂੰ ਸਾਫ ਕਰਕੇ ਕੀਤੀ ਦਸਤਾਰ ਦੀ ਬੇਅਦਬੀ
ਚੰਡੀਗੜ੍ਹ : ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲੈਣ ਦੀ ਉਠੀ ਮੰਗ ਤੋਂ ਬਾਅਦ ਪੰਜਾਬ ਵਿਚ ਸਿਆਸਤ ਭਖਦੀ ਜਾ ਰਹੀ ਹੈ। ਇਸੇ ਦੌਰਾਨ ਜਿੱਥੇ ਅਕਾਲੀਆਂ ਨੇ ਲੁਧਿਆਣਾ ਸ਼ਹਿਰ ਵਿੱਚ ਲੱਗੇ ਹੋਏ ਰਾਜੀਵ ਦੇ ਬੁੱਤ ‘ਤੇ ਕਾਲਖ਼ ਮਲ਼ ਦਿੱਤੀ, ਉੱਥੇ ਹੀ ਕਾਂਗਰਸੀਆਂ ਨੇ ਰਾਜੀਵ ਗਾਂਧੀ ਦੇ ਬੁੱਤ ‘ਤੇ ਲੱਗੇ ਕਾਲੇ ਤੇ ਲਾਲ ਰੰਗ ਨੂੰ ਦੁੱਧ ਨਾਲ ਧੋਤਾ ਅਤੇ ਫਿਰ ਗੁਰਸਿਮਰਨ ਸਿੰਘ ਨੇ ਸਿਰ ‘ਤੋਂ ਦਸਤਾਰ ਉਤਾਰ ਕੇ ਬੁੱਤ ਨੂੰ ਦਸਤਾਰ ਨਾਲ ਸਾਫ਼ ਵੀ ਕੀਤਾ। ਕਾਂਗਰਸੀ ਵਰਕਰ ਗੁਰਸਿਮਰਨ ਮੰਡ ਵੱਲੋਂ ਦਸਤਾਰ ਦੀ ਮਰਿਆਦਾ ਦਾ ਖ਼ਿਆਲ ਨਾ ਰੱਖਣ ਕਰ ਕੇ ਉਸ ਦੇ ਇਸ ਕਾਰੇ ਦੀ ਸੋਸ਼ਲ ਮੀਡੀਆ ‘ਤੇ ਰੱਜ ਕੇ ਆਲੋਚਨਾ ਹੋ ਰਹੀ ਹੈ। ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਕੀਤੀ ਗਈ ਹਰਕਤ ਬੌਖਲਾਹਟ ਦਾ ਨਤੀਜਾ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਸਬੰਧੀ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਅਜਿਹਾ ਕਰਨ ਵਾਲੇ ਆਗੂਆਂ ਨੂੰ ਪਾਰਟੀ ਵਿਚੋ ਬਰਖ਼ਾਸਤ ਕਰਨਾ ਚਾਹੀਦਾ ਹੈ। ਦੂਜੇ ਪਾਸੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਕੈਪਟਨ ਸੱਚੇ ਸਿੱਖ ਹਨ ਤਾਂ ਉਹ ਖੁਦ ਗਾਂਧੀ ਪਰਿਵਾਰ ਦੇ ਮੂੰਹ ‘ਤੇ ਕਾਲਖ ਲਾਉਣ। ਇਸ ਮਾਮਲੇ ਨੂੰ ਲੈ ਕੇ ਗੁਰਸਿਮਰਨ ਸਿੰਘ ਮੰਡ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ ਹਨ ਤੇ ਉਸ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਹੋ ਗਈ ਹੈ।
14 ਦਿਨ ਦੀ ਨਿਆਇਕ ਹਿਰਾਸਤ ‘ਚ ਗੁਰਦੀਪ ਗੋਸ਼ਾ ਅਤੇ ਮੀਤ ਪਾਲ ਦੁਗਰੀ
ਲੁਧਿਆਣਾ : ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਾ ਰੰਗ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਅਕਾਲੀ ਆਗੂਆਂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ ਸਿੰਘ ਦੁਗਰੀ ਨੂੰ ਵੀਰਵਾਰ ਸ਼ਾਮ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਨੇ ਸਰਕਾਰੀ ਪੱਖ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਪੁਲਿਸ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਹਾਂ ਆਗੂਆਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਰਾਜੀਵ ਦੇ ਨਾਂ ‘ਤੇ ਕਾਲਖ
ਇਕ ਪਾਸੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਉਠ ਰਹੀ ਹੈ, ਦੂਜੇ ਪਾਸੇ ਲੁਧਿਆਣਾ ‘ਚ ਉਸਦੇ ਦੇ ਬੁੱਤ ‘ਤੇ ਕਾਲਖ ਮਲਣ ਦੇ ਕੰਮ ਦੀ ਜੋ ਸ਼ੁਰੂਆਤ ਹੋਈ, ਉਸਦਾ ਅਸਰ ਦਿੱਲੀ ਤੋਂ ਲੈ ਕੇ ਚੰਡੀਗੜ੍ਹ ਤੱਕ ਵੀ ਦਿਖਿਆ। ਦਿੱਲੀ ਵਿਚ ਇਕ ਚੌਕ ‘ਚ ਲਿਖੇ ਰਾਜੀਵ ਗਾਂਧੀ ਦੇ ਨਾਂ ‘ਤੇ ਜਿੱਥੇ ਕਾਲਖ ਪੋਤੀ ਗਈ, ਉਥੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਕ ਬੋਰਡ ‘ਤੇ ਲਿਖੇ ਰਾਜੀਵ ਦੇ ਨਾਂ ‘ਤੇ ਕਾਲਖ ਮਲ ਦਿੱਤੀ ਗਈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …