Breaking News
Home / Uncategorized / ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਜਲੰਧਰ ਕਿਰਾਏ ਦੇ ਮਹਿਲਨੁਮਾ ਘਰ ‘ਚ

ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਜਲੰਧਰ ਕਿਰਾਏ ਦੇ ਮਹਿਲਨੁਮਾ ਘਰ ‘ਚ

ਜਲੰਧਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ‘ਚ ਕਿਰਾਏ ਵਾਲੇ ਮਕਾਨ ਵਿੱਚ ਪਰਿਵਾਰ ਸਣੇ ਪਹੁੰਚ ਗਏ। ਪੰਜ ਬੈਡਰੂਮ ਵਾਲਾ ਇਹ ਮਕਾਨ ਜਲੰਧਰ ਛਾਉਣੀ ਇਲਾਕੇ ਵਿੱਚ ਪੈਂਦਾ ਹੈ। ਮੁੱਖ ਮੰਤਰੀ, ਪਤਨੀ ਡਾਕਟਰ ਗੁਰਪ੍ਰੀਤ ਕੌਰ, ਭੈਣ ਮਨਪ੍ਰੀਤ ਕੌਰ, ਧੀ ਨਿਆਮਤ ਅਤੇ ਸੱਸ ਰਾਜ ਕੌਰ ਨਾਲ ਮਕਾਨ ਨੰ. 300-301, ਰਾਇਲ ਅਸਟੇਟ, ਪੁਰਾਣਾ ਫਗਵਾੜਾ ਰੋਡ ‘ਤੇ ਬੁੱਧਵਾਰ ਸ਼ਾਮ 5 ਵਜੇ ਦੇ ਕਰੀਬ ਦਾਖ਼ਲ ਹੋਏ। ਮੁੱਖ ਮੰਤਰੀ ਦਾ ਹੈਲੀਕਾਪਟਰ ਆਮ ਵਾਂਗ ਲਵਲੀ ਯੂਨੀਵਰਸਿਟੀ ਦੇ ਨੇੜੇ ਉਤਰਿਆ। ਸ਼ਾਮੀ ਮੁੱਖ ਮੰਤਰੀ ਪਰਿਵਾਰ ਸਣੇ ਸਿੱਧਾ ਉਸ ਮਕਾਨ ਵਿੱਚ ਗਏ, ਜਿਹੜਾ ਪਿਛਲੇ ਕਈ ਦਿਨਾਂ ਤੋਂ ਤਿਆਰ ਹੋ ਰਿਹਾ ਸੀ। ਇਸ ਮੌਕੇ ਮੁੱਖ ਮੰਤਰੀ ਨੇ ਆਪਣੀ ਧੀ ਨੂੰ ਗੋਦ ਵਿੱਚ ਲੈ ਕੇ ਤਸਵੀਰਾਂ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਸਾਂਝੀਆਂ ਕੀਤੀਆਂ। ਇਹ ਤਸਵੀਰਾਂ ਘਰ ਵਿੱਚ ਦਾਖ਼ਲ ਹੁੰਦੇ ਸਮੇਂ ਖਿੱਚੀਆਂ ਗਈਆਂ ਸਨ। ਜਿਵੇਂ ਹੀ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਘਰ ਅੰਦਰ ਗਏ ਤਾਂ ਸਭ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਸ ਮੌਕੇ ਸਥਾਨਕ ਲੀਡਰਸ ਿਵਿੱਚੋਂ ਸਿਰਫ਼ ‘ਆਪ’ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਹੀ ਆਏ।
ਘਰ ਦੇ ਬਾਹਰ ਘਰ ਦੇ ਮਾਲਕ ਡਾ. ਰਣਬੀਰ ਸਿੰਘ ਦੀ ਪੁਰਾਣੀ ਨੇਮ ਪਲੇਟ ਲੱਗੀ ਹੋਈ ਸੀ ਜਿਸ ‘ਤੇ ਘਰ ਦਾ ਨਾਂ ‘ਨਾਨਕ ਨਿਵਾਸ’ ਲਿਖਿਆ ਸੀ। ਉਸ ਨੂੰ ਹਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਦੇ ਨਾਂ ਦੀ ਨਵੀਂ ਪਲੇਟ ਅਜੇ ਲਗਾਈ ਜਾਣੀ ਹੈ। ਕਰੀਬ 131 ਮਰਲੇ ਦਾ ਮਕਾਨ ਗੇਟ ਵਾਲੀ ਕਲੋਨੀ ਦਾ ਪਹਿਲਾ ਘਰ ਹੈ। ਇਸ ਘਰ ਦੀਆਂ ਕੰਧਾਂ ਪਹਿਲਾਂ ਹੀ ਉੱਚੀਆਂ ਸਨ, ਹੁਣ ਸੁਰੱਖਿਆ ਕਾਰਨਾਂ ਕਰਕੇ ਹਰੀਆਂ ਚਾਦਰਾਂ ਨਾਲ ਚਾਰੋਂ ਪਾਸਿਓਂ ਢਕਿਆ ਗਿਆ ਹੈ। ਇਸ ਦੇ ਕਿਸੇ ਵੀ ਪਾਸੇ ਜਾਂ ਅੱਗੇ ਕੋਈ ਵੀ ਹੋਰ ਘਰ ਨਹੀਂ ਹੈ। ਇਸ ਕਾਰਨ ਮੁੱਖ ਮੰਤਰੀ ਦੇ ਕਾਫਲੇ ਦੇ ਸਾਰੇ ਵਾਹਨ ਘਰ ਦੇ ਬਾਹਰ ਆਸਾਨੀ ਨਾਲ ਪਾਰਕ ਕੀਤੇ ਜਾ ਸਕਦੇ ਹਨ। ਮੁੱਖ ਮੰਤਰੀ ਭਲਕੇ ਵੱਖ-ਵੱਖ ਅੰਦੋਲਨਕਾਰੀ ਯੂਨੀਅਨਾਂ ਦੇ ਆਗੂਆਂ ਨਾਲ ਮੁਲਾਕਾਤ ਕਰਨ ਵਾਲੇ ਹਨ, ਜਿਨ੍ਹਾਂ ਨੇ ਪਹਿਲਾਂ ਹੀ ਮੁੱਖ ਮੰਤਰੀ ਦੇ ਇੱਥੇ ਤਬਦੀਲ ਹੋਣ ਦੇ ਮੱਦੇਨਜ਼ਰ ਜਲੰਧਰ ਵਿੱਚ ਵਿਰੋਧ ਦਰਜ ਕਰਾਉਣਾ ਸ਼ੁਰੂ ਕਰ ਦਿੱਤਾ ਹੈ। ਭਲਕੇ ਉਨ੍ਹਾਂ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਖੇਤਰ ਦਾ ਦੌਰਾ ਕਰਨ ਦੀ ਵੀ ਸੰਭਾਵਨਾ ਹੈ ਜਿੱਥੇ 10 ਜੁਲਾਈ ਨੂੰ ਉਪ ਚੋਣ ਹੋਣੀ ਹੈ। ਉਨ੍ਹਾਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ ਹਫ਼ਤੇ ਵਿੱਚ ਦੋ ਦਿਨ ਇਸ ਹਲਕੇ ਵਿੱਚ ਬੈਠਣਗੇ ਅਤੇ ਦੋਆਬਾ ਅਤੇ ਮਾਝੇ ਦੇ ਲੋਕਾਂ ਨੂੰ ਮਿਲਣਗੇ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਅਤੇ ਉਨ੍ਹਾਂ ਦੀ ਮੀਡੀਆ ਟੀਮ ਮੌਜੂਦ ਸੀ।

 

Check Also

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ …