ਲੋਕ ਸਭਾ ਤੋਂ ਸਸਪੈਂਡ ਕੀਤੇ ਜਾਣ ਮਗਰੋਂ ਬੋਲੇ ਸੰਸਦ ਮੈਂਬਰ ਸੁਸ਼ੀਲ ਰਿੰਕੂ
ਕਿਹਾ : ਲੋਕਾਂ ਦੀ ਅਵਾਜ਼ ਬੁਲੰਦ ਕਰਨ ਬਦਲੇ ਮਿਲੀ ਸਜ਼ਾ, ਜਿਸਦਾ ਮੈਨੂੰ ਕੋਈ ਅਫਸੋਸ ਨੂੰ ਨਹੀਂ
ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਦੇ ਮਾਨਸੂਨ ਸੈਸ਼ਨ ਤੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਉਨ੍ਹਾਂ ਖਿਲਾਫ ਇਹ ਕਾਰਵਾਈ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕਰਨ ਬਦਲੇ ਕੀਤੀ ਗਈ ਹੈ, ਜਿਸ ਦਾ ਮੈਨੂੰ ਕੋਈ ਅਫ਼ਸੋਸ ਨਹੀਂ। ਉਨ੍ਹਾਂ ਕਿਹਾ ਕਿ ਸੰਵਿਧਾਨ ਟੁੱਟ ਰਿਹਾ ਹੈ, ਦੇਸ਼ ਦਾ ਸੰਘੀ ਢਾਂਚਾ ਖਤਰੇ ਵਿਚ ਹੈ ਅਤੇ ਇਸ ਸ਼ੁਰੂਆਤ ਕੇਂਦਰ ਸਰਕਾਰ ਨੇ ਦਿੱਲੀ ਤੋਂ ਕੀਤੀ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਸੂਬਾ ਸਰਕਾਰ ਦੀ ਤਾਕਤਾਂ ਨੂੰ ਘੱਟ ਕਰਕੇ ਬਿਨਾ ਚੁਣੇ ਲੋਕਾਂ ਦੇ ਹੱਥ ਵਿਚ ਸ਼ਾਸਨ ਦੇਣਾ ਸੰਘੀ ਢਾਂਚੇ ਅਤੇ ਸੰਵਿਧਾਨ ਦਾ ਅਪਮਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਅਵਾਜ਼ ਬੁਲੰਦ ਕਰਦਿਆਂ, ਲੋਕਤੰਤਰ ਦੀ ਰੱਖਿਆ ਕਰਦਿਆਂ ਮੈਨੂੰ ਲੋਕ ਸਭਾ ਦੇ ਮਾਨਸੂਨ ਸੈਸ਼ਨ ਤੋਂ ਸਸਪੈਂਡ ਕੀਤਾ ਗਿਆ ਹੈ, ਜਿਸ ਦਾ ਮੈਨੂੰ ਕੋਈ ਅਫ਼ਸੋਸ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪੁਲਿਸ, ਵਿਜੀਲੈਂਸ ਅਤੇ ਹੋਰ ਏਜੰਸੀਆਂ ਕੇਂਦਰ ਸਰਕਾਰ ਦੇ ਹੱਥ ਵਿਚ ਹਨ ਅਤੇ ਇਹ ਕੁੱਝ ਕਰ ਸਕਦੇ ਹਨ ਪ੍ਰੰਤੂ ਅਸਲੀ ਫੈਸਲਾ ਅਦਾਲਤ ਕਰੇਗੀ ਕਿ ਕੌਣ ਸਹੀ ਅਤੇ ਕੌਣ ਗਲਤ।