ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪੰਜਾਬ ਰਾਜ ਭਵਨ ’ਚ ਟਮਾਟਰਾਂ ਦੀ ਵਰਤੋਂ ’ਤੇ ਲਗਾਈ ਰੋਕ
ਟਮਾਟਰਾਂ ਦੀ ਘਾਟ ਅਤੇ ਵਧੀਆਂ ਕੀਮਤਾਂ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਟਮਾਟਰਾਂ ਦੀ ਪੈਦਾ ਹੋਈ ਘਾਟ ਅਤੇ ਵਧੀਆਂ ਕੀਮਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਰਾਜਭਵਨ ’ਚ ਟਮਾਟਰਾਂ ਦੀ ਵਰਤੋਂ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਵੱਲੋਂ ਇਹ ਫੈਸਲਾ ਪੰਜਾਬ ਵਿਚ ਪੈਦਾ ਹੋਈ ਟਮਾਟਰਾਂ ਦੀ ਘਾਟ ਨੂੰ ਦੇਖਦੇ ਹੋਏ ਲਿਆ ਹੈ। ਪੰਜਾਬ ਵਿਚ ਇਨ੍ਹੀਂ ਦਿਨੀਂ ਟਮਾਟਰਾਂ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਤੋਂ ਵੀ ਜ਼ਿਆਦਾ ਹੈ, ਜਿਸ ਦੇ ਚਲਦਿਆਂ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਟਮਾਟਰਾਂ ਦੀ ਕੀਮਤ ਵਧਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਜ਼ਿਆਦਾ ਬਰਸਾਤ ਅਤੇ ਹੜ੍ਹਾਂ ਦੇ ਆਉਣ ਕਰਕੇ ਸਪਲਾਈ ਪ੍ਰਭਾਵਿਤ ਹੋਣਾ ਦੱਸਿਆ ਜਾ ਰਿਹਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਕਿਸੇ ਵੀ ਵਸਤੂ ਦੀ ਖਪਤ ਨੂੰ ਰੋਕਣਾ ਜਾਂ ਘੱਟ ਕਰਨਾ ਉਸਦੀ ਕੀਮਤ ਨੂੰ ਪ੍ਰਭਾਵਿਤ ਕਰਦਾ ਹੈ। ਮੰਗ ਘੱਟ ਹੋਣ ’ਤੇ ਇਸ ਕੀਮਤ ਖੁਦ ਹੀ ਘਟ ਜਾਵੇਗੀ। ਰਾਜਪਾਲ ਨੇ ਉਮੀਦ ਪ੍ਰਗਟਾਈ ਕਿ ਲੋਕ ਆਪਣੇ ਘਰਾਂ ’ਚ ਟਮਾਟਰ ਦਾ ਕੋਈ ਹੋਰ ਬਦਲ ਲੱਭ ਕੇ ਟਮਾਟਰਾਂ ਦੀ ਕੀਮਤ ਨੂੰ ਘੱਟ ਕਰਨ ਵਿਚ ਸਹਿਯੋਗ ਕਰਨ।