Breaking News
Home / ਪੰਜਾਬ / ਭਗਵੰਤ ਮਾਨ ਵੱਲੋਂ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਨਾਲ ਮੁਲਾਕਾਤ

ਭਗਵੰਤ ਮਾਨ ਵੱਲੋਂ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਨਾਲ ਮੁਲਾਕਾਤ

ਲੰਡਨ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨਾਲ ਮੁਲਾਕਾਤ ਕਰਕੇ ਲੰਡਨ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਣ ਪਹਿਲ ਦੇ ਆਧਾਰ ‘ਤੇ ਸ਼ੁਰੂ ਕਰਨ ਦੀ ਮੰਗ ਕੀਤੀ। ਮਾਨ ਨੇ ਕੈਰੋਲੀਨ ਰੋਵੇਟ ਨੂੰ ਦੱਸਿਆ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਬੋਇੰਗ 777 ਵਰਗੇ ਜਹਾਜ਼ ਸੰਭਾਲਣ ਲਈ ਬੁਨਿਆਦੀ ਸਹੂਲਤਾਂ ਕੈਟ-ਆਈਆਈਬੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਹੋਣ ਤੋਂ ਇਲਾਵਾ ਅੰਤਰਰਾਸ਼ਟਰੀ ਉਡਾਣਾਂ ਦੇ ਪ੍ਰਬੰਧਨ ਲਈ ਨਵੀਨਤਮ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਉਪਲੱਬਧ ਹੈ। ਕੈਰੋਲੀਨ ਰੋਵੇਟ ਨੇ ਭਰੋਸਾ ਦਿੱਤਾ ਕਿ ਉਹ ਉਡਾਨਾਂ ਸ਼ੁਰੂ ਕਰਨ ਦਾ ਮਾਮਲਾ ਹਾਈ ਕਮਿਸ਼ਨਰ ਕੋਲ ਉਠਾਉਣਗੇ। ਮੁੱਖ ਮੰਤਰੀ ਨੇ ਡਿਪਟੀ ਹਾਈ ਕਮਿਸ਼ਨਰ ਨੂੰ ਪਰਾਲੀ ਸਾੜਨ ਅਤੇ ਬਾਇਓ ਵੇਸਟ ਬਾਰੇ ਵੀ ਜਾਣੂ ਕਰਵਾਇਆ। ਕੈਰੋਲੀਨ ਰੋਵੇਟ ਨੇ ਇਨ੍ਹਾਂ ਖੇਤਰਾਂ ਵਿੱਚ ਤਕਨਾਲੋਜੀ ਪ੍ਰਦਾਨ ਕਰਨ ਲਈ ਦਿਲਚਸਪੀ ਦਿਖਾਈ। ਬਰਤਾਨੀਆ ਕੋਲ ਇਨ੍ਹਾਂ ਅਹਿਮ ਮੁੱਦਿਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸਭ ਤੋਂ ਉੱਨਤ ਮੁਹਾਰਤ ਹੈ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਭਰ ਵਿੱਚ ਲਾਹੇਵੰਦ ਰੁਜ਼ਗਾਰ ਦੇ ਯੋਗ ਬਣਾਉਣ ਲਈ ਯੂਕੇ ਵਿੱਚ ਕੁਝ ਉੱਨਤ ਪੀਜੀ ਕੋਰਸ ਹਨ, ਜੋ ਕੁਝ ਸਥਾਨਕ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਦੀਆਂ ਵੱਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਏ ਜਾ ਸਕਦੇ ਹਨ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …