ਮਰਨ ਵਾਲਿਆਂ ‘ਚ ਕਾਂਗਰਸੀ ਸਰਪੰਚ ਦਾ ਪਤੀ ਵੀ ਸ਼ਾਮਲ
ਗੁਰਦਾਸਪੁਰ/ਬਿਊਰੋ ਨਿਊਜ਼ : ਗੁਰਦਾਸਪੁਰ ਜ਼ਿਲੇ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਫੁੱਲੜਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਟਕਰਾਅ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਚਲਾਈਆਂ ਗੋਲੀਆਂ ਦੌਰਾਨ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ‘ਚ ਕਾਂਗਰਸੀ ਸਰਪੰਚ ਦੇ ਪਤੀ ਸਮੇਤ ਤਿੰਨ ਹੋਰਾਂ ਦੀ ਮੌਤ ਹੋ ਗਈ। ਇਕ ਧਿਰ ਦੇ ਮ੍ਰਿਤਕਾਂ ਦੀ ਪਛਾਣ ਨਿਸ਼ਾਨ ਸਿੰਘ, ਸੁਖਰਾਜ ਸਿੰਘ ਤੇ ਜੈਮਲ ਸਿੰਘ ਵਾਸੀ ਪਿੰਡ ਫੁੱਲੜਾ ਵਜੋਂ ਹੋਈ ਹੈ ਅਤੇ ਦੂਜੀ ਧਿਰ ਦੇ ਮਨਿੰਦਰ ਸਿੰਘ ਦੀ ਪਹਿਚਾਣ ਪਿੰਡ ਖੈਰਾਬਾਦ ਥਾਣਾ ਦਸੂਹਾ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਫੁੱਲੜਾ ਦੇ ਕਾਂਗਰਸੀ ਆਗੂ ਸੁਖਰਾਜ ਸਿੰਘ ਅਤੇ ਉਸ ਦੇ ਸਾਥੀ ਦਰਿਆ ਬਿਆਸ ਨਾਲ ਲੱਗਦੀ 100 ਏਕੜ ਵਿਵਾਦਤ ਜ਼ਮੀਨ ਉੱਪਰ ਗਏ ਸਨ ਜਿਥੇ ਉਨਾਂ ਦਾ ਵਿਰੋਧੀ ਧਿਰ ਨਾਲ ਝਗੜਾ ਹੋ ਗਿਆ ਸੀ।
ਪਟਿਆਲਾ ‘ਚ ਦੋ ਨੌਜਵਾਨਾਂ ਦਾ ਹੋਇਆ ਕਤਲ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਪਹਿਲੀ ਘਟਨਾ ਲੰਘੀ ਦੇਰ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਪਰੀ ਜਿਸ ਵਿਚ ਪਿੰਡ ਦੌਣ ਕਲਾਂ ਦੇ ਵਾਸੀ ਧਰਮਿੰਦਰ ਭਿੰਦਾ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੂਜੀ ਘਟਨਾ ਸ਼ਹਿਰ ‘ਚ ਸਥਿਤ ਕਾਲੀ ਮਾਤਾ ਮੰਦਰ ਦੇ ਨੇੜੇ ਵਾਪਰੀ, ਜਿਸ ਵਿਚ ਪ੍ਰਿਤਪਾਲ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਦਰਸ਼ਨ ਨਗਰ ਪਟਿਆਲਾ ਦੀ ਇਕ ਅਣਪਛਾਤੇ ਵਿਅਕਤੀ ਨੇ ਚਾਕੂ ਮਾਰ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।