Breaking News
Home / ਪੰਜਾਬ / ਧੋਖੇਬਾਜ਼ ਐਨ ਆਰ ਆਈ ਪਤੀਆਂ ਦੇ ਖਿਲਾਫ਼ 40 ਹਜ਼ਾਰ ਮਹਿਲਾਵਾਂ ਨੇ ਵਜਾਇਆ ਬਿਗਲ

ਧੋਖੇਬਾਜ਼ ਐਨ ਆਰ ਆਈ ਪਤੀਆਂ ਦੇ ਖਿਲਾਫ਼ 40 ਹਜ਼ਾਰ ਮਹਿਲਾਵਾਂ ਨੇ ਵਜਾਇਆ ਬਿਗਲ

ਵਿਆਹ ਤੋਂ ਬਾਅਦ ਅਮਰੀਕਾ, ਨਿਊਜ਼ੀਲੈਂਡ, ਇੰਗਲੈਂਡ ਗਏ ਐਨ ਆਰ ਆਈ ਪਤੀ ਨਹੀਂ ਪਰਤੇ, ਅਕਤੂਬਰ ‘ਚ ਚੰਡੀਗੜ੍ਹ ਤੇ ਦਿੱਲੀ ‘ਚ ਸੰਮੇਲਨ ਕਰਕੇ ਸਰਕਾਰ ਨੂੰ ਜਗਾਇਆ ਜਾਵੇਗਾ
ਧੋਖੇਬਾਜ਼ ਐਨ ਆਰ ਆਈ ਪਤੀਆਂ ਦੇ ਖਿਲਾਫ਼ 40 ਹਜ਼ਾਰ ਮਹਿਲਾਵਾਂ ਨੇ ਵਜਾਇਆ ਬਿਗਲ
ਐਨ ਆਰ ਆਈ ਪਤੀਆਂ ਦੇ ਪਾਸਪੋਰਟ ਉਨ੍ਹਾਂ ‘ਤੇ ਚੱਲ ਰਹੇ ਕੇਸਾਂ ਦੇ ਆਧਾਰ ‘ਤੇ ਰੱਦ ਕੀਤੇ ਜਾਣ। ਪੀੜਤ ਮਹਿਲਾਵਾਂ ਨਿਆਂ ਦੇ ਲਈ ਅੱਗੇ ਆਉਣ। ਵਿਭਾਗ ਤੋਂ ਜੋ ਮਦਦ ਹੁੰਦੀ ਹੈ ਉਹ ਦਿੱਤੀ ਜਾ ਰਹੀ ਹੈ।
ਚੰਡੀਗੜ੍ਹ : ਧੋਖਾ ਦੇ ਕੇ ਵਿਆਹ ਕਰਵਾਉਣ ਤੋਂ ਬਾਅਦ ਵਿਦੇਸ਼ ਭੱਜ ਚੁੱਕੇ ਪਤੀਆਂ ਦੇ ਖਿਲਾਫ਼ ਪੀੜਤ ਪਤਨੀਆਂ ਨੇ ਸੋਸ਼ਲ ਮੀਡੀਆ ਨੂੰ ਆਪਣਾ ਹਥਿਅਰ ਬਣਾਇਆ ਹੈ। ਦੇਸ਼ ਭਰ ਦੀਆਂ 40 ਹਜ਼ਾਰ ਮਹਿਲਾਵਾਂ ਸਰਕਾਰ ਦੇ ਸਾਰੇ ਦਰਵਾਜ਼ਿਆਂ ਤੋਂ ਨਿਰਾਸ਼ ਹੋ ਕੇ ਹੁਣ ਇਕ ਮੰਚ ‘ਤੇ ਆਈਆਂ ਹਨ। ਦਿੱਲੀ ਅਤੇ ਚੰਡੀਗੜ੍ਹ ‘ਚ ਅਕਤੂਬਰ ‘ਚ ਹੋਣ ਵਲੇ ਮੈਗਾ ਸੰਮੇਲਨ ‘ਚ ਇਹ ਮਹਿਲਾਵਾਂ ਸਰਕਾਰ ਨੂੰ ਜਗਾਉਣ ਲਈ ਬਿਗਲ ਵਜਾਉਣਗੀਆਂ। ਐਨ ਆਰ ਆਈ ਪਤੀਆਂ ਤੋਂ ਪੀੜਤ 40 ਹਜ਼ਾਰ ਮਹਿਲਾਵਾਂ ‘ਚੋਂ 23 ਹਜ਼ਾਰ ਤੋਂ ਜ਼ਿਆਦਾ ਪੰਜਾਬ ਦੀਆਂ ਹਨ ਜਦਕਿ ਲਗਭਗ 6500 ਹਰਿਆਣਾ ਤੇ ਚੰਡੀਗੜ੍ਹ ਦੀਆਂ ਅਤੇ ਦੋ ਹਜ਼ਾਰ ਉਤਰ ਪ੍ਰਦੇਸ਼ ਦੀਆਂ ਮਹਿਲਾਵਾਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ, ਬਿਹਾਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ, ਆਂਧਰਾ ਪ੍ਰਦੇਸ਼ ਦੀਆਂ ਪੀੜਤ ਮਹਿਲਵਾਂ ਵੀ ਇਸ ਲੜਾਈ ‘ਚ ਸ਼ਾਮਲ ਹੋਣਗੀਆਂ।
ਇਸ ਤਰ੍ਹਾਂ ਚਲੀ ਸੰਘਰਸ਼ ਦੀ ਕਹਾਣੀ
ਗੱਲ 2016 ਦੀ ਹੈ। ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੀ ਰਿਤੂ ਸ਼ਰਮਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ। ਖੁਦ ਸਮੇਤ ਕਈ ਐਨ ਆਰ ਆਈ ਪਤੀਆਂ ਤੋਂ ਪੀੜਤ ਮਹਿਲਾਵਾਂ ਦੀ ਕਹਾਣੀ ਦੱਸੀ। ਉਸੇ ਦੌਰਾਨ ਪੂਨੇ ਦੀ ਸੁਮੇਰਾ ਪਾਰਕਰ ਨੇ ਵੀ ਵਿਦੇਸ਼ ਮੰਤਰੀ ਨੂੰ ਟਵੀਟ ਕੀਤਾ। ਜਵਾਬ ਕੁਝ ਨਹੀਂ ਮਿਲਿਆ। ਇੰਤਜ਼ਾਰ ਤੋਂ ਬਾਅਦ ਰਿਤੂ ਸ਼ਰਮਾ ਅਤੇ ਸੁਮੇਰਾ ਨੇ ਅਜਿਹੀਆਂ ਪੀੜਤ ਮਹਿਲਾਵਾਂ ਨੂੰ ਟਵਿੱਟਰ ਅਤੇ ਵਟਸਐਪ ਦੇ ਜਰੀਏ ਇਕੱਠਾ ਕੀਤਾ। 150 ਮਹਿਲਾਵਾਂ ਦਾ ਜਵਾਬ ਆਇਆ। ਉਹ ਵੀ ਆਪਣੇ ਪਤੀਆਂ ਤੋਂ ਪੀੜਤ ਹੋ ਕੇ ਹੰਝੂ ਵਹਾ ਰਹੀਆਂ ਹਨ। ਇਨ੍ਹਾਂ ਦੀ ਗਿਣਤੀ ਵਧਦੀ ਗਈ ਤਾਂ ਰਿਤੂ ਅਤੇ ਸੁਮੇਰਾ ਦਾ ਹੌਸਲਾ ਹੋਰ ਵਧ ਗਿਆ। ਉਨ੍ਹਾਂ ਨੇ ਨੈਸ਼ਨਲ ਕਮਿਸ਼ਨ ਫਾਰ ਵੁਮੈਨ ਦੀ ਚੇਅਰਮੈਨ ਰੇਖਾ ਸ਼ਰਮਾ ਨਾਲ ਸੰਪਰਕ ਕੀਤਾ। ਸਰਕਾਰ ਦੇ ਨਾਲ ਮੀਟਿੰਗ ਕਰਵਾਉਣ ਦੀ ਮੰਗ ਰੱਖੀ। ਗੱਲ ਤਹਿ ਹੋ ਗਈ, 28 ਮਾਰਚ 2018 ਨੂੰ ਪੂਰੇ ਕੋਰਮ ਨਾਲ ਮੀਟਿੰਗ ਹੋਈ। ਵਿਦੇਸ਼ ਮੰਤਰਾਲਾ, ਮਹਿਲਾ ਅਤੇ ਬਾਲ ਕਲਿਆਣ ਮੰਤਰਾਲਾ, ਐਨ ਆਰ ਆਈ ਕਮਿਸ਼ਨ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਰਿਤੂ, ਸੁਮੇਰਾ ਤੋਂ ਇਲਾਵਾ ਸਾਊਥ ਦੀ ਫਰਹੀਨ ਅਤੇ ਸ਼ੈਲਜਾ ਦੇ ਪਿਤਾ ਰਾਮਰਾਓ, ਉਤਰ ਪ੍ਰਦੇਸ਼ ਦੇ ਬਰੇਲੀ ਦੀ ਪੀੜਤ ਜਸਮੀਤ ਦੇ ਭਰਾ ਅਮਰਜੀਤ ਆਦਿ ਵੀ ਪਹੁੰਚੇ। ਮੀਟਿੰਗ ਹੋਈ, ਮਦਦ ਦਾ ਭਰੋਸਾ ਮਿਲਿਆ ਪ੍ਰੰਤੂ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੇ।
ਪਤੀ ਨੂੰ ਅਮਰੀਕਾ ਗਏ ਚਾਰ ਸਾਲ ਹੋ ਗਏ, ਕੋਈ ਖਬਰ ਨਹੀਂ
ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੀ ਰਿਤੂ ਸ਼ਰਮਾ ਦਾ ਵਿਆਹ 6 ਮਈ 2013 ਨੂੰ ਸੰਜੇ ਸਿੰਘ ਦੇ ਨਾਲ ਹੋਇਆ। ਉਹ ਐਟਲਾਂਟਾ ਪੁਲਿਸ ‘ਚ ਹੈ। ਵਿਆਹ ਤੋਂ ਬਾਅਦ ਇਕ ਮਹੀਨੇ ਤੱਕ ਉਹ ਰਿਤੂ ਸ਼ਰਮਾ ਦੇ ਨਾਲ ਰਿਹਾ ਪ੍ਰੰਤੂ ਉਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। 17 ਮਹੀਨੇ ਬਾਅਦ ਆਇਆ ਪ੍ਰੰਤੂ ਕੁਝ ਦਿਨਾਂ ਬਾਅਦ ਫਿਰ ਵਾਪਸ ਚਲੇ ਗਏ। ਚਾਰ ਸਾਲ ਲੰਘ ਗਏ ਪ੍ਰੰਤੂ ਕੋਈ ਖਬਰ ਨਹੀਂ ਹੈ। ਇਸ ਤੋਂ ਬਅਦ ਰਿਤੂ ਸ਼ਰਮਾ ਨੇ ਪਤੀ ਨੂੰ ਸਬਕ ਸਿਖਾਉਣ ਦੇ ਨਾਲ ਹੋਰ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਸੰਕਲਪ ਲਿਆ ਹੈ। ਪੀਐਚਡੀ ਕਰ ਰਹੀ ਰਿਤੂ ਸ਼ਰਮਾ ਕਹਿੰਦੀ ਹੈ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਮਹਿਲਾਵਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਇਕ-ਦੂਜੇ ਨਾਲ ਜੋੜਿਆ। ਹੁਣ ਅਕਤੂਬਰ ‘ਚ ਚੰਡੀਗੜ੍ਹ ਅਤੇ ਦਿੱਲੀ ‘ਚ ਸੰਮੇਲਨ ਹੋਵੇਗਾ ਅਤੇ ਇਸ ਦੀ ਰੂਪ ਰੇਖਾ ਤਿਆਰ ਹੋ ਰਹੀ ਹੈ। ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਕੇਸ ਦਰਜ ਕਰਵਾਇਆ, ਸਜਾ ਦਿਵਾਉਣ ਦੇ ਲਈ ਅਵਾਜ਼ ਕੀਤੀ ਬੁਲੰਦ
ਪੂਨੇ ਦੀ ਸੁਮੇਰਾ ਪਾਰਕਰ ਦਾ ਵਿਆਹ ਸਾਲ 2016 ‘ਚ ਰਾਸ਼ਿਦ ਪਠਾਣ ਦੇ ਨਾਲ ਹੋਇਆ। ਉਸ ਤੋਂ ਬਾਅਦ ਉਹ ਨਿਊਜ਼ੀਲੈਂਡ ਚਲਿਆ ਗਿਆ। ਪਤੀ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਉਥੇ ਸੁਮੇਰਾ ਤੋਂ ਨੌਕਰੀ ਕਰਵਾਈ ਅਤੇ ਆਪਣਾ ਲੋਨ ਮੋੜ ਦਿੱਤਾ। ਉਸ ਤੋਂ ਬਾਅਦ ਉਹ ਉਸ ਨੂੰ ਇੰਡੀਆ ਛੱਡ ਗਿਆ, ਜੋ ਹੁਣ ਤੱਕ ਵਾਪਸ ਨਹੀਂ ਪਰਤਿਆ। ਸੁਮੇਰਾ ਨੇ ਉਸ ਦੇ ਖਿਲਾਫ਼ ਕੇਸ ਵੀ ਦਰਜ ਕਰਵਾਇਆ ਹੈ ਅਤੇ ਸਜ਼ਾ ਦਿਵਾਉਣ ਲਈ ਅਵਾਜ਼ ਬੁਲੰਦ ਕੀਤੀ। ਕਹਿੰਦੀ ਹੈ ਕਿ ਟਵਿੱਟਰ ਅਕਾਊਂਟ ‘ਤੇ ਹਜ਼ਾਰਾਂ ਮਹਿਲਾਵਾਂ ਨਾਲ ਜੁੜ ਗਈਆਂ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …