ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਹੋਈ ਪੁਲਿਸ ਅਫ਼ਸਰਾਂ ਦੀ ਮੀਟਿੰਗ ਦੌਰਾਨ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਗਿਆ। ਐਂਟੀ ਗੈਂਗਸਟਰ ਟਾਸਕ ਫੋਰਸ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਫ਼ਸਰਾਂ ਵੱਲੋਂ ਕੀਤੀ ਜਾਵੇਗੀ, ਜਿਨ੍ਹਾਂ ਵੱਲੋਂ ਪੂਰੇ ਪੰਜਾਬ ਅੰਦਰ ਕਿਤੇ ਵੀ ਕਾਰਵਾਈ ਕੀਤੀ ਜਾ ਸਕੇਗੀ ਅਤੇ ਇਸ ਦੇ ਲਈ ਸਪੈਸ਼ਲ ਥਾਣੇ ਵੀ ਬਣਾਏ ਜਾਣਗੇ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਹਰ ਜ਼ਿਲ੍ਹੇ ਦਾ ਐਸ ਐਸ ਪੀ ਅਤੇ ਪੁਲਿਸ ਕਮਿਸ਼ਨਰ ਟਾਸਕ ਫੋਰਸ ਨਾਲ ਤਾਲਮੇਲ ਰੱਖੇਗਾ। ਇਸ ਟਾਸਕ ਫੋਰਸ ਨੂੰ ਪੰਜਾਬ ਸਰਕਾਰ ਅਨੁਸਾਰ ਸਪੈਸ਼ਲ ਪਾਵਰ ਦਿੱਤੀ ਜਾਵੇਗੀ। ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸ ਐਸ ਪੀ ਅਤੇ ਪੁਲਿਸ ਕਮਿਸ਼ਨਰ ਹਾਜ਼ਰ ਸਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਗੈਂਗਸਟਰਾਂ ਦੀਆਂ ਸਰਗਰਮੀਆਂ ‘ਤੇ ਸਖ਼ਤ ਨਜ਼ਰ ਰੱਖਣ ਲਈ ਜੇਲ੍ਹ ਵਿਭਾਗ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ ਅਤੇ ਇਸ ਸਬੰਧ ਵਿਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਪੁਲਿਸ ਦੇ ਮੁਖੀ ਨੂੰ ਕਿਹਾ ਕਿ ਡੀਜੀਪੀ ਹਾਈਵੇ ਪੈਟਰੋਲਿੰਗ ਪੁਲਿਸ ਦਾ ਵੱਖਰਾ ਵਿੰਗ ਬਣਾਉਣ ਲਈ ਵਿਆਪਕ ਤਜਵੀਜ਼ ਲੈ ਕੇ ਆਉਣ ਤਾਂ ਕਿ ਟਰੈਫਿਕ ਜਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕਰਨ ਦੇ ਨਾਲ-ਨਾਲ ਹਾਦਸਾ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉੱਘੀ ਟੀਵੀ ਹਸਤੀ ਜਸਪਾਲ ਭੱਟੀ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ 136 ਬਲੈਕ ਸਪਾਟਸ (ਦੁਰਘਟਨਾਗ੍ਰਸਤ ਥਾਵਾਂ) ਦੀ ਪਛਾਣ ਕੀਤੀ ਗਈ ਸੀ, ਪਰ ਬਦਕਿਸਮਤੀ ਨਾਲ ਜ਼ਮੀਨੀ ਪੱਧਰ ‘ਤੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਮੁੱਖ ਮੰਤਰੀ ਨੇ ਹਰੇਕ ਪੁਲਿਸ ਵਾਹਨ ਵਿੱਚ ਫਸਟ ਏਡ ਕਿੱਟ ਰੱਖਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਸਮੇਂ ਦੇ ਪਾਬੰਦ ਰਹਿਣ ਦੀ ਹਦਾਇਤ
ਭਗਵੰਤ ਮਾਨ ਨੇ ਫੀਲਡ ਅਤੇ ਹੈੱਡਕੁਆਰਟਰ ਵਿੱਚ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਮੇਂ ਦੇ ਪਾਬੰਦ ਰਹਿਣ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ ਤਾਂ ਜੋ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਪੁਲਿਸ ਬਲ ਨੂੰ ਆਪਣਾ ਅਕਸ ਸੁਧਾਰਨ ਵਿੱਚ ਮਦਦ ਮਿਲੇਗੀ। ਡੀਜੀਪੀ ਵੀ.ਕੇ. ਭਾਵੜਾ ਨੇ ਕਿਹਾ ਕਿ ਸਮੁੱਚਾ ਪੁਲਿਸ ਬਲ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਪੂਰੀ ਲਗਨ, ਇਮਾਨਦਾਰੀ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਡਿਊਟੀ ਨਿਭਾਏਗਾ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …