ਮੁੱਖ ਮੰਤਰੀ ਦਫਤਰ ਵਿੱਚ ਪਹਿਲੀ ਵਾਰੀ ਕਿਸੇ ਸੀਨੀਅਰ ਪੁਲਿਸ ਅਫਸਰ ਦੀ ਹੋਈ ਤਾਇਨਾਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਵਧੀਕ ਡੀਜੀਪੀ ਰੈਂਕ ਦੇ ਦੋ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕਰਦਿਆਂ 1992 ਬੈਚ ਦੇ ਪੁਲਿਸ ਅਧਿਕਾਰੀ ਗੌਰਵ ਯਾਦਵ ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਤਾਇਨਾਤ ਕੀਤਾ ਹੈ। ਮੁੱਖ ਮੰਤਰੀ ਦਫਤਰ ਵਿੱਚ ਪਹਿਲੀ ਵਾਰੀ ਕਿਸੇ ਸੀਨੀਅਰ ਪੁਲਿਸ ਅਫਸਰ ਦੀ ਤਾਇਨਾਤੀ ਕੀਤੀ ਗਈ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਦਫਤਰ ਵਿੱਚ ਗ੍ਰਹਿ ਵਿਭਾਗ ਨਾਲ ਸਬੰਧਤ ਕੰਮ ਯਾਦਵ ਵੱਲੋਂ ਹੀ ਦੇਖੇ ਜਾਣ ਦੇ ਆਸਾਰ ਹਨ। ਯਾਦਵ ਪੰਜਾਬ ਪੁਲਿਸ ਵਿੱਚ ਵਧੀਕ ਡੀਜੀਪੀ ਮਾਡਰਨਾਈਜੇਸ਼ਨ ਦਾ ਕੰਮ ਵੀ ਦੇਖਣਗੇ। ਮੁੱਖ ਮੰਤਰੀ ਨਾਲ ਇਸ ਸਮੇਂ ਵਧੀਕ ਮੁੱਖ ਸਕੱਤਰ ਵਜੋਂ 1991 ਬੈਚ ਦੇ ਆਈਏਐੱਸ ਅਧਿਕਾਰੀ ਏ. ਵੇਣੂ ਪ੍ਰਸਾਦ ਸੇਵਾ ਨਿਭਾਅ ਰਹੇ ਹਨ। ਮੁੱਖ ਮੰਤਰੀ ਦਫਤਰ ਵਿੱਚ ਇਸ ਸਮੇਂ ਤਿੰਨ ਹੋਰ ਆਈਏਐੱਸ ਅਧਿਕਾਰੀ ਤੇ ਹੋਰ ਅਮਲਾ ਫੈਲਾ ਵੀ ਤਾਇਨਾਤ ਹੈ। ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਅਸਾਮੀਆਂ ਉਤੇ ਆਮ ਤੌਰ ‘ਤੇ ਆਈਏਐੱਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਂਦੀ ਹੈ। ਇਸੇ ਦੌਰਾਨ ਵਧੀਕ ਡੀਜੀਪੀ ਜੇਲ੍ਹਾਂ ਦੇ ਅਹੁਦੇ ਤੋਂ ਪ੍ਰਵੀਨ ਸਿਨਹਾ ਦਾ ਵੀ ਅਚਾਨਕ ਤਬਾਦਲਾ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਵਿੱਚ ਵਧੀਕ ਡੀਜੀਪੀ ਪ੍ਰੋਵਿਜ਼ਨਿੰਗ ਵਰਿੰਦਰ ਕੁਮਾਰ ਨੂੰ ਵਧੀਕ ਡੀਜੀਪੀ ਜੇਲ੍ਹਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜੇਲ੍ਹ ਵਿਭਾਗ ਪਿਛਲੇ ਦਿਨੀਂ ਉਸ ਵੇਲੇ ਚਰਚਾ ਵਿੱਚ ਆਇਆ ਸੀ ਜਦੋਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਦੀ ਨਿਯੁਕਤੀ ਦੇ ਮਾਮਲੇ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …