Breaking News
Home / ਪੰਜਾਬ / ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਸੰਗਤਾਂ ਲਈ ਖੋਲ੍ਹਿਆ ਜਾਵੇਗਾ ਪਾਕਿਸਤਨ ਵਿਖੇ ਸਥਿਤ ਗੁਰੂਘਰ

ਕਰੋਨਾ ਦਾ ਕਹਿਰ ਘਟਣ ਤੋਂ ਬਾਅਦ ਸੰਗਤਾਂ ਲਈ ਖੋਲ੍ਹਿਆ ਜਾਵੇਗਾ ਪਾਕਿਸਤਨ ਵਿਖੇ ਸਥਿਤ ਗੁਰੂਘਰ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਸਫ਼ਾਈ ਤੇ ਸੇਵਾ-ਸੰਭਾਲ
ਅੰਮ੍ਰਿਤਸਰ : ਕਰੋਨਾ ਦੇ ਚੱਲਦਿਆਂ ਪਾਕਿਸਤਾਨ ਸਰਕਾਰ ਵਲੋਂ ਪਾਕਿਸਤਾਨੀ ਸੈਲਾਨੀਆਂ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਜਾਣ ‘ਤੇ ਲਗਾਈ ਅਸਥਾਈ ਰੋਕ ਮਈ ਦੇ ਦੂਸਰੇ ਹਫ਼ਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ.) ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ ਤੇ ਸਿੱਖ ਆਗੂ ਬਿਸ਼ਨ ਸਿੰਘ ਨੇ ਦੱਸਿਆ ਹੈ ਕਿ ਪਾਕਿ ਸਰਕਾਰ ਵਲੋਂ ਕਰੋਨਾ ਫੈਲਣ ਤੋਂ ਰੋਕਣ ਲਈ ਗੁਆਂਢੀ ਮੁਲਕਾਂ ਨਾਲ ਲੱਗਦੀਆਂ ਸਭ ਸਰਹੱਦਾਂ ਬੰਦ ਕੀਤੀਆਂ ਗਈਆਂ ਹਨ।
ਪਹਿਲਾਂ ਇਹ ਸਰਹੱਦਾਂ 24 ਅਪ੍ਰੈਲ ਤਕ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ, ਜਦਕਿ ਹੁਣ ਇਸ ਦੀ ਮਿਆਦ ਵਧਾ ਕੇ 9 ਮਈ ਤੱਕ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਘਟਣ ‘ਤੇ ਪਾਕਿ ਸਰਕਾਰ ਵਲੋਂ ਸਭ ਤੋਂ ਪਹਿਲਾਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਦਿਆਂ ਭਾਰਤੀ ਯਾਤਰੂਆਂ ਤੇ ਪਾਕਿ ਸੈਲਾਨੀਆਂ ਨੂੰ ਗੁਰਦੁਆਰਾ ਸਾਹਿਬ ‘ਚ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਜੋੜਾ ਘਰ, ਲੰਗਰ ਭਵਨ, ਅਜਾਇਬ-ਘਰ ਤੇ ਸਫ਼ਾਈ ਆਦਿ ਸੇਵਾਵਾਂ ਲਈ ਪੀ. ਐਸ.ਜੀ.ਪੀ.ਸੀ. ਵਲੋਂ 110 ਦੇ ਲਗਪਗ ਸੇਵਾਦਾਰਾਂ ਦੀ ਭਰਤੀ ਕੀਤੀ ਗਈ ਹੈ ਤੇ ਕਰੋਨਾ ਸੰਕਟ ਕਾਰਨ ਉਨ੍ਹਾਂ ਸਮੇਤ ਗੁਰਦੁਆਰਾ ਸਾਹਿਬ ਦੇ ਕੇਅਰ ਟੇਕਰ ਰਾਣਾ ਸ਼ਾਹਿਦ ਨੂੰ ਵੱਖ-ਵੱਖ ਸ਼ਿਫ਼ਟਾਂ ‘ਚ ਅਤੇ 3-3 ਦਿਨ ਦੇ ਅੰਤਰ ਨਾਲ ਬੁਲਾਇਆ ਜਾ ਰਿਹਾ ਹੈ। ਰੋਜ਼ਾਨਾ ਨਿਯਮ ਨਾਲ ਸੇਵਾਦਾਰਾਂ ਵਲੋਂ ਸਾਫ਼-ਸਫ਼ਾਈ ਕੀਤੀ ਜਾ ਰਹੀ ਹੈ। ਲਾਂਘਾ ਖੁੱਲ੍ਹਣ ਉਪਰੰਤ ਭਾਰਤ ਤੋਂ ਆਉਣ ਵਾਲੀ ਸੰਗਤ ਅਤੇ ਪਾਕਿਸਤਾਨੀ ਨਾਗਰਿਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ ਅਤੇ ਪਾਕਿ ਦੇ ਬਾਕੀ ਆਬਾਦ ਗੁਰਦੁਆਰਾ ਸਾਹਿਬ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਮੁੱਖ ਰਸਤਿਆਂ ‘ਤੇ ਸੈਨੇਟਾਈਜ਼ਿੰਗ ਟਨਲ (ਸੁਰੰਗਾਂ) ਬਣਾਈਆ ਜਾਣਗੀਆਂ। ਇਹ ਵੀ ਲਾਜ਼ਮੀ ਕੀਤਾ ਜਾਵੇਗਾ ਕਿ ਸ਼ਰਧਾਲੂ ਮੂੰਹ ‘ਤੇ ਮਾਸਕ ਪਾ ਕੇ ਜਾਂ ਚੰਗੀ ਤਰ੍ਹਾਂ ਢੱਕ ਕੇ ਹੀ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ।
ਗੁਰੂ ਕਾ ਬਾਗ ਵਿਚ ਮਹਿਕਣ ਲੱਗੇ ਫੁੱਲ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਾਪਤ ਕੀਤੇ ਗਏ ਗੁਰੂ ਕਾ ਬਾਗ਼ ਵਿਚ ਲਾਏ ਗਏ ਵੱਖ-ਵੱਖ ਤਰ੍ਹਾਂ ਦੇ ਫੁੱਲ ਪੂਰੀ ਤਰ੍ਹਾਂ ਮਹਿਕ ਰਹੇ ਹਨ, ਜਿਸ ਨਾਲ ਇਸ ਖੇਤਰ ਦੀ ਕੁਦਰਤੀ ਸੁੰਦਰਤਾ ਵਿਚ ਵਾਧਾ ਹੋਇਆ ਹੈ। ਇਸ ਦੌਰਾਨ ਇਸ ਬਾਗ਼ ਵਿਚ ਰੀਠੇ ਦੇ ਬੂਟੇ ਲਾਏ ਗਏ ਹਨ। ਇਹ ਬਾਗ਼ ਸਰਾਵਾਂ ਵਾਲੇ ਪਾਸੇ ਲੰਗਰ ਘਰ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਵਿਚਾਲੇ ਸਥਾਪਤ ਕੀਤਾ ਗਿਆ ਹੈ, ਜਿੱਥੇ 400 ਤੋਂ ਵੱਧ ਤਰ੍ਹਾਂ ਦੇ ਗੁਲਾਬ ਦੇ ਫੁੱਲ ਅਤੇ ਸੈਂਕੜੇ ਕਿਸਮਾਂ ਦੇ ਫੁੱਲਦਾਰ ਬੂਟੇ ਲਾਏ ਗਏ ਹਨ। ਇਸ ਦੀ ਲੈਂਡ ਸਕੇਪਿੰਗ ਮਾਹਿਰਾਂ ਵੱਲੋਂ ਤਿਆਰ ਕੀਤੀ ਗਈ ਹੈ। ਪਿਛਲੇ ਕੁਝ ਸਮੇਂ ਦੌਰਾਨ ਮਾਹਿਰਾਂ ਦੀ ਨਿਗਰਾਨੀ ਹੇਠ ਹੀ ਇੱਥੇ ਕਿਆਰੀਆਂ ਤਿਆਰ ਕੀਤੀਆਂ ਗਈਆਂ ਸਨ ਅਤੇ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਵਾਲੇ ਅਤੇ ਫ਼ਲਦਾਰ ਬੂਟੇ ਲਾਏ ਗਏ ਸਨ। ਇਸ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ। ਇੱਥੇ ਲਾਏ ਗਏ ਫੁੱਲਾਂ ਦੇ ਬੂਟੇ ਹੁਣ ਪੂਰੇ ਜੋਬਨ ‘ਤੇ ਹਨ ਅਤੇ ਵੱਖ-ਵੱਖ ਰੰਗਾਂ ਦੇ ਫੁੱਲ ਖਿੜ ਗਏ ਹਨ ਅਤੇ ਆਲਾ ਦੁਆਲਾ ਮਹਿਕਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਲਈ ਲਗਾਤਾਰ ਯਤਨ ਕਰ ਰਹੀ ਹੈ। ਗੁਰੂ ਕਾ ਬਾਗ਼ ਵੀ ਇਨ੍ਹਾਂ ਯਤਨਾਂ ਦਾ ਹੀ ਹਿੱਸਾ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਬਾਗ਼ ਦਾ ਮੰਤਵ ਸੰਗਤ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਹੈ।

Check Also

ਚੰਡੀਗੜ੍ਹ ਗਰਨੇਡ ਹਮਲੇ ਦਾ ਪੰਜ ਲੱਖ ਰੁਪਏ ’ਚ ਹੋਇਆ ਸੀ ਸੌਦਾ

ਬਲਾਸਟ ਤੋਂ ਬਾਅਦ ਜੰਮੂ ਭੱਜਣ ਵਾਲੇ ਸਨ ਹਮਲਾਵਰ, ਪਾਕਿਸਤਾਨ ਆਏ ਸਨ ਹਥਿਆਰ ਚੰਡੀਗੜ੍ਹ/ਬਿਊਰੋ ਨਿਊਜ਼ : …