ਕਾਂਗਰਸੀਆਂ ਨੇ ਰਵਨੀਤ ਬਿੱਟੂ ਖਿਲਾਫ ਚੁੱਕਿਆ ਝੰਡਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਰਾਹੁਲ ਗਾਂਧੀ ਖਿਲਾਫ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ। ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਰਵਨੀਤ ਬਿੱਟੂ ’ਤੇ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਅਹਿਸਾਨ ਫਰਾਮੋਸ ਦੱਸਿਆ ਹੈ। ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਟਿਕਟ ’ਤੇ ਬਿੱਟੂ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ ਅਤੇ ਹੁਣ ਭਾਜਪਾ ਵਿਚ ਜਾ ਕੇ ਕਾਂਗਰਸੀ ਆਗੂਆਂ ਨੂੰ ਮੰਦਾ ਬੋਲ ਰਹੇ ਹਨ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਦਿਮਾਗੀ ਸੰਤੁਲਣ ਵਿਗੜ ਗਿਆ ਹੈ। ਉਨ੍ਹਾਂ ਕਿਹਾ ਕਿ ਬਿੱਟੂ ਭਾਜਪਾ ਆਗੂਆਂ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਬਾਜਵਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਵਨੀਤ ਬਿੱਟੂ ਦੇ ਅਜਿਹੇ ਬਿਆਨਾਂ ਦਾ ਨੋਟਿਸ ਲਵੇ। ਧਿਆਨ ਰਹੇ ਕਿ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਿਆ ਸੀ। ਰਵਨੀਤ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਰਵਨੀਤ ਬਿੱਟੂ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ।