ਚੰਡੀਗੜ੍ਹ/ਬਿਊਰੋ ਨਿਊਜ਼ : ਲਖੀਮਪੁਰ ਘਟਨਾ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ‘ਚ ਗਾਂਧੀ ਸਮਾਰਕ ਭਵਨ ਵਿੱਚ ਸੰਕੇਤਕ ਮੌਨ ਵਰਤ ਰੱਖਿਆ। ਮੁੱਖ ਮੰਤਰੀ ਚੰਨੀ ਨੇ ਭਾਜਪਾ ਨੂੰ ਵੰਗਾਰਿਆਂ ਕਿ ਲੋਕ ਆਵਾਜ਼ ਨੂੰ ਦਬਾਉਣ ਲਈ ‘ਡੰਡਾ ਰਾਜ’ ਲਾਗੂ ਨਾ ਕਰੋ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਸਤਿਕਾਰ ਕੀਤਾ ਜਾਵੇ। ਮੁੱਖ ਮੰਤਰੀ ਨੇ ਲਖੀਮਪੁਰ ਖੀਰੀ ਘਟਨਾ ਦੇ ਹਵਾਲੇ ਨਾਲ ਕੇਂਦਰ ਨੂੰ ਸੁਚੇਤ ਕੀਤਾ ਕਿ ਅਜਿਹਾ ਕਰਕੇ ਨੌਜਵਾਨਾਂ ਨੂੰ ਕ੍ਰਾਂਤੀਕਾਰੀ ਰਾਹ ਅਪਣਾਉਣ ਲਈ ਮਜਬੂਰ ਨਾ ਕੀਤਾ ਜਾਵੇ, ਜੋ ਇਨਸਾਫ਼ ਲੈਣ ਲਈ ਸਾਡੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਊਧਮ ਸਿੰਘ ਤੋਂ ਪ੍ਰੇਰਨਾ ਲੈਣਗੇ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਕਿ ਸ਼ਾਂਤਮਈ ਮਾਹੌਲ ਖ਼ਰਾਬ ਨਾ ਹੋਵੇ। ਉਨ੍ਹਾਂ ਕਿਹਾ ਕਿ ਅਮਨ-ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹਰ ਹਾਲ ਵਿਚ ਕਾਇਮ ਰੱਖਣਾ ਸਾਰਿਆਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ। ਮੁੱਖ ਮੰਤਰੀ ਚੰਨੀ ਨੇ ਕੈਬਨਿਟ ਵਜ਼ੀਰਾਂ, ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਇੱਥੇ ਸਮਾਰਕ ਭਵਨ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਸੰਕਲਪ ਲਿਆ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਵਧੀਕੀਆਂ ਅੱਗੇ ਝੁਕਣ ਵਾਲੇ ਨਹੀਂ। ਰੋਸ ਪ੍ਰਦਰਸ਼ਨ ਵਿਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਸੰਗਤ ਸਿੰਘ ਗਿਲਜ਼ੀਆਂ, ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਕਈ ਵਿਧਾਇਕਾਂ, ਪਾਰਟੀ ਲੀਡਰਾਂ ਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …