Breaking News
Home / ਪੰਜਾਬ / ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਜਲ੍ਹਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਰ ਵੀ ਗਏ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੂੰ ਸਿਰੋਪਾ ਭੇਂਟ ਕੀਤਾ ਗਿਆ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੱਥਾ ਟੇਕਣ ਉਪਰੰਤ ਕੀਰਤਨ ਵੀ ਸਰਵਣ ਕੀਤਾ। ਆਪਣੀ ਇਸ ਫੇਰੀ ਨੂੰ ਗੁਰੂ ਦੀ ਰਹਿਮਤ ਦੱਸਦਿਆਂ ਦਰਬਾਰ ਸਾਹਿਬ ਦੀ ਵਿਜ਼ੀਟਰ ਬੁੱਕ ਵਿਚ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਲਿਖਿਆ ਕਿ ਅੱਜ ਮੈਨੂੰ ਪਰਮ ਪਾਵਨ ਸ੍ਰੀ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਸ਼ੁਭ ਮੌਕਾ ਮਿਲਿਆ। ਸਿੱਖ ਧਰਮ ਦੀਆਂ ਮਹਾਨ ਰਵਾਇਤਾਂ ਸੰਗਤ-ਪੰਗਤ ਅਤੇ ਲੰਗਰ ਵਿੱਚ ਜੋ ਸਾਰੇ ਭੇਦ ਭਾਵਾਂ ਨੂੰ ਮਿਟਾਉਣ ਦੀ ਤਾਕਤ ਹੈ, ਉਸਦਾ ਅਨੁਭਵ ਹੋਇਆ ਹੈ। ਰਾਮ ਨਾਥ ਕੋਵਿੰਦ ਨੇ ਆਖਿਆ ਕਿ ਮੈਨੂੰ ਇੱਥੇ ਆ ਕੇ ਜੋ ਸ਼ਾਂਤੀ ਮਿਲੀ ਹੈ ਉਸ ਨੂੰ ਮੈਂ ਪਰਮ ਪਿਤਾ ਪ੍ਰਮਾਤਮਾ ਅਤੇ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਮੰਨਦਾ ਹਾਂ। ਇਸ ਮੌਕੇ ਰਾਸ਼ਟਰਪਤੀ ਕੋਵਿੰਦ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਤੇ ਪਰਿਵਾਰਕ ਮੈਂਬਰ, ਪੰਜਾਬ ਦੇ ਗਵਰਨਰ ਵੀ.ਪੀ. ਸਿੰਘ ਬਦਨੌਰ ਤੇ ਉਨ੍ਹਾਂ ਦੀ ਪਤਨੀ ਜਿੱਥੇ ਮੌਜੂਦ ਸਨ ਉੱਥੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਦਿੱਲੀ ਤੋਂ ਆਏ ਕੁੱਝ ਉੱਚ ਅਧਿਕਾਰੀ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਵੀ ਹਾਜ਼ਰ ਸਨ।
ਇਸੇ ਦੌਰਾਨ ਰਾਸ਼ਟਰਪਤੀ ਜਲ੍ਹਿਆਂਵਾਲੇ ਬਾਗ ਪਹੁੰਚੇ ਜਿੱਥੇ ਉਨ੍ਹਾਂ ਨੇ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਸ਼ਹੀਦਾਂ ਨੂੰ ਨਮਨ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇਤਿਹਾਸਕ ਦੁਰਗਿਆਣਾ ਮੰਦਰ ਵੀ ਮੱਥਾ ਟੇਕਿਆ ਤੇ ਮੰਦਰ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

 

Check Also

ਸੁਨੀਲ ਜਾਖੜ ਨੇ ਭਾਜਪਾ ਦੇ ਸੰਕਲਪ ਪੱਤਰ ਨੂੰ ਦੱਸਿਆ ‘ਪਰਸਨਲ ਗਰੰਟੀ’

ਕਿਹਾ : ਮੋਦੀ ਜੀ ਜੋ ਕਹਿੰਦੇ ਹਨ ਉਹ ਪੂਰਾ ਵੀ ਕਰਦੇ ਹਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ …