
ਹੜ੍ਹਾਂ ਨੇ ਸੂਬੇ ਦੇ ਕਈ ਇਲਾਕਿਆਂ ਵਿਚ ਮਚਾਈ ਹੈ ਤਬਾਹੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਦਸਵੰਧ ਕੱਢਣ ਦੀ ਅੱਜ ਸ਼ੁਰੂਆਤ ਕੀਤੀ ਹੈ। ਸੰਧਵਾਂ ਨੇ ਹੜ੍ਹ ਪੀੜਤਾਂ ਦੀ ਮੱਦਦ ਵਜੋਂ ਟਰੈਕਟਰਾਂ ਲਈ ਡੀਜ਼ਲ ਵਾਸਤੇ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਕ ਮਹੀਨੇ ਦੀ ਤਨਖਾਹ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਮੀਡੀਆ ਵਿਚ ਖਬਰਾਂ ਚੱਲ ਰਹੀਆਂ ਸਨ ਕਿ ਕਰੋੜਪਤੀ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਹੜ੍ਹ ਪੀੜਤਾਂ ਲਈ ਕੋਈ ਵੀ ਮੱਦਦ ਦਾ ਐਲਾਨ ਨਹੀਂ ਹੋ ਰਿਹਾ ਹੈ। ਇਸਦੇ ਚੱਲਦਿਆਂ ਸਪੀਕਰ ਸੰਧਵਾਂ ਨੇ ਇਸ ਬਾਰੇ ਪਹਿਲ ਕਰਦਿਆਂ ਨਿੱਜੀ ਤੌਰ ’ਤੇ ਹੜ੍ਹ ਪੀੜਤਾਂ ਦੀ ਮੱਦਦ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਆਏ ਹੜ੍ਹਾਂ ਨੇ ਕਈ ਜ਼ਿਲ੍ਹਿਆਂ ਵਿਚ ਭਾਰੀ ਨੁਕਸਾਨ ਕੀਤਾ ਹੈ ਅਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਵੀ ਨੁਕਸਾਨੀ ਗਈ ਹੈ।

