ਕਿਹਾ, ਮੈਂ ਪੰਜਾਬ ਦੇ ਹਰ ਬੱਚੇ ਨੂੰ ਕਰਾਂਗਾ ਸਿੱਖਿਅਤ
ਹੁਸ਼ਿਆਰਪੁਰ/ਬਿਊਰੋ ਨਿਊਜ਼
ਪੰਜਾਬ ਦੌਰੇ ’ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਦੇ ਕਸਬਾ ਸ਼ਾਮ ਚੁਰਾਸੀ ਵਿਚ ਸੀਐਮ ਚਰਨਜੀਤ ਸਿੰਘ ਚੰਨੀ ’ਤੇ ਜੰਮ ਕੇ ਸਿਆਸੀ ਨਿਸ਼ਾਨੇ ਸਾਧੇ। ਕੇਜਰੀਵਾਲ ਨੇ ਕਿਹਾ ਕਿ ਸੀਐਮ ਚੰਨੀ ਖੁਦ ਨੂੰ ਐਸ.ਸੀ. ਭਾਈਚਾਰੇ ਵਿਚੋਂ ਦੱਸ ਕੇ ਵੋਟਾਂ ਮੰਗਣ ਦੀ ਰਾਜਨੀਤੀ ਕਰ ਰਹੇ ਹਨ। ਇਸ ਮੌਕੇ ਕੇਜਰੀਵਾਲ ਨੇ ਐਸਸੀ ਭਾਈਚਾਰੇ ਲਈ ਪੰਜ ਗਾਰੰਟੀਆਂ ਦਾ ਐਲਾਨ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਜੇਕਰ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਐਸਸੀ ਭਾਈਚਾਰੇ ਦੇ ਬੱਚਿਆਂ ਨੂੰ ਚੰਗੀ ਅਤੇ ਮੁਫਤ ਸਿੱਖਿਆ ਦਿਆਂਗੇ ਅਤੇ ਜੇਕਰ ਕੋਈ ਕੋਚਿੰਗ ਲੈਣਾ ਚਾਹੁੰਦਾ ਹੈ ਤਾਂ ਉਸਦੀ ਫੀਸ ਪੰਜਾਬ ਸਰਕਾਰ ਭਰੇਗੀ। ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਦਾ ਖਰਚਾ ਵੀ ਸਰਕਾਰ ਦੇਵੇਗੀ। ਕੇਜਰੀਵਾਲ ਨੇ ਕਿਹਾ ਕਿ ਜੇਕਰ ਪਰਿਵਾਰ ਵਿਚ ਕੋਈ ਬਿਮਾਰ ਹੁੰਦਾ ਹਾਂ ਤਾਂ ਉਸਦਾ ਇਲਾਜ ਵੀ ਸਰਕਾਰ ਹੀ ਕਰਾਵੇਗੀ ਅਤੇ ਇਸ ਤੋਂ ਇਲਾਵਾ ਪੰਜਾਬ ਦੀ ਹਰ ਮਹਿਲਾ ਨੂੰ ਹਰ ਮਹੀਨੇ ਇਕ-ਇਕ ਹਜ਼ਾਰ ਰੁੁਪਏ ਦਿੱਤੇ ਜਾਣਗੇ। ਇਸ ਮੌਕੇ ਕੇਜਰੀਵਾਲ ਦੇ ਨਾਲ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਰਹੀ। ਇਸ ਤੋਂ ਪਹਿਲਾਂ ਕੇਜਰੀਵਾਲ ਜਲੰਧਰ ਨੇੜਲੇ ਕਸਬਾ ਕਰਤਾਰਪੁਰ ਵੀ ਪਹੁੰਚੇ ਸਨ। ਜਿੱਥੇ ਕੇਜਰੀਵਾਲ ਨੇ ਮਹਿਲਾਵਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦੇ ਗਾਰੰਟੀ ਕਾਰਡ ਭਰਵਾਉਣ ਦੀ ਸ਼ੁਰੂਆਤ ਵੀ ਕੀਤੀ। ਕੇਜਰੀਵਾਲ ਨੇ ਕਿਹਾ ਕਿ ਉਹ ਜੋ ਕਹਿੰਦੇ ਹਨ, ਉਸ ਨੂੰ ਪੂਰਾ ਵੀ ਕਰਦੇ ਹਨ। ਮਹਿਲਾਵਾਂ ਨੂੰ ਬੇਨਤੀ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਹ ਇਕ ਹਜ਼ਾਰ ਰੁਪਏ ਵਾਲੀ ਗਾਰੰਟੀ ਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਜਦੋਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।