ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਚੜ੍ਹਿਆ ਸਿਆਸੀ ਪਾਰਾ
ਮੋਗਾ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਗਾ ‘ਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ। ਚਰਚਾ ਹੈ ਕਿ ਇੱਥੇ ਫਿਲਮ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਉਹ ਕਿਹੜੀ ਪਾਰਟੀ ‘ਚ ਸ਼ਾਮਲ ਹੋਵੇਗੀ, ਇਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸੇ ਦੌਰਾਨ ਪਿਛਲੇ ਦਿਨੀਂ ਅਭਿਨੇਤਾ ਸੋਨੂੰ ਸੂਦ ਕਾਂਗਰਸੀ ਨੇਤਾ ਇੰਦਰਜੀਤ ਸੋਨੂੰ ਨਾਲ ਨਜ਼ਰ ਆਏ। ਉਨ੍ਹਾਂ ਨੇ ਪਿੰਡ ਦੌਲਤਪੁਰਾ ਨੀਮਾ ਦੇ ਚਾਵਲਾ ਮੈਰਿਜ ਪੈਲੇਸ ‘ਚ ਜ਼ਿਲ੍ਹੇ ਭਰ ਦੇ ਕਰੀਬ 850 ਆਸ਼ਾ ਵਰਕਰ ਅਤੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਗੁਲਾਬੀ ਰੰਗ ਦੇ 1000 ਸਾਈਕਲ ਇਕ ਹੀ ਦਿਨ ‘ਚ ਵੰਡੇ। ਜਿੱਥੇ ਹੁਣ ਤਕ ਕਾਂਗਰਸ ਦੇ ਜ਼ਿਆਦਾਤਰ ਨੇਤਾ ਸੋਨੂੰ ਸੂਦ ਦੇ ਪ੍ਰੋਗਰਾਮਾਂ ਤੋਂ ਅਲੱਗ-ਥਲੱਗ ਦਿਸਦੇ ਰਹੇ ਹਨ, ਉੱਥੇ ਹਰ ਪ੍ਰੋਗਰਾਮ ‘ਚ ਉਨ੍ਹਾਂ ਨਾਲ ਰਹਿਣ ਵਾਲੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਇੱਥੇ ਵੀ ਉਨ੍ਹਾਂ ਦੇ ਨਾਲ ਦਿਸੇ।
ਇਸ ਮੌਕੇ ਸੋਨੂੰ ਸੂਦ ਨੇ ਕਿਹਾ ਕਿ ਜਦੋਂ ਵੀ ਉਹ ਮੋਗਾ ਆਉਂਦੇ ਸਨ ਤਾਂ ਸਰਕਾਰੀ ਸਕੂਲ ‘ਚ ਪੜ੍ਹਨ ਵਾਲੀਆ ਵਿਦਿਆਰਥਣਾਂ ਨੂੰ ਪੈਦਲ ਜਾਂਦਿਆਂ ਵੇਖਦੇ ਸਨ। ਮਜ਼ਦੂਰਾਂ ਨੂੰ ਕਈ-ਕਈ ਕਿਲੋਮੀਟਰ ਦੂਰੋਂ ਪੈਦਲ ਆਉਂਦੇ ਹੋਏ ਵੇਖਿਆ ਸੀ। ਉਦੋਂ ਉਨ੍ਹਾਂ ਦੇ ਮਨ ‘ਚ ਆਇਆ ਕਿ ਜੋ ਵਿਅਕਤੀ ਆਰਥਿਕ ਤੰਗੀ ਕਾਰਨ ਸਾਈਕਲ ਤਕ ਨਹੀਂ ਲੈ ਸਕਦੇ, ਉਨ੍ਹਾਂ ਨੂੰ ਸਾਈਕਲ ਦੀ ਮੁੱਢਲੀ ਸਹੂਲਤ ਦੇ ਕੇ ਰਾਹਤ ਦਿੱਤੀ ਜਾਵੇ ਤਾਂਕਿ ਵਿਦਿਆਰਥਣਾਂ ਆਪਣੀ ਸਿੱਖਿਆ ਨੂੰ ਆਸਾਨੀ ਨਾਲ ਪੂਰਾ ਕਰ ਸਕਣ।