ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸੋਚ ਦੇਸ਼ ਦੀ ਸੁਰੱਖਿਆ, ਤਰੱਕੀ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੀ ਹੈ।
ਬਠਿੰਡਾ ਵਿਚ ਉਨ੍ਹਾਂ ਕਿਹਾ ਕਿ ਇਸੇ ਸੋਚ ਨਾਲ ਸਹਿਮਤ ਹੋ ਕੇ ਭਾਜਪਾ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਉਨ੍ਹਾਂ ਪੰਜਾਬ ਦੀ ਸੀਮਾ ਨੂੰ ਸੁਰੱਖਿਅਤ ਕਰਨ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ‘ਚ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ ਤਾਂ ਬੇਰੁਜ਼ਗਾਰੀ ਦੂਰ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਜੋ ਵਾਅਦੇ ਪੰਜਾਬੀਆਂ ਨਾਲ ਕੀਤੇ, ਉਹ ਸਾਰੇ ਪੂਰੇ ਕੀਤੇ। ਉਨ੍ਹਾਂ ਖੇਤੀ ਦੇ ਢੰਗ ਨੂੰ ਆਧੁਨਿਕ ਬਣਾਉਣ ਦੀ ਵੀ ਵਕਾਲਤ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਆਪਣੀ ਪਾਰਟੀ ਵੱਲੋਂ ਬਠਿੰਡਾ ਹਲਕੇ ਤੋਂ ਰਾਜ ਨੰਬਰਦਾਰ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਉਮੀਦ ਹੈ ਕਿ ਗੱਠਜੋੜ ਵੱਲੋਂ ਵੀ ਨੰਬਰਦਾਰ ਦੇ ਨਾਂ ‘ਤੇ ਸਹਿਮਤੀ ਬਣੇਗੀ। ਉਨ੍ਹਾਂ ਕਿਹਾ ਕਿ ਬਠਿੰਡੇ ਦੀ ਧਰਤੀ ਉਨ੍ਹਾਂ ਦੇ ਪੁਰਖ਼ਿਆਂ ਦੀ ਸਰ-ਜ਼ਮੀਂ ਹੈ ਅਤੇ ਇਹ ਉਨ੍ਹਾਂ ਦੇ ਪਰਿਵਾਰ ਦੇ ਚੇਤਿਆਂ ‘ਚ ਵਸੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲੋਕ ਕਾਂਗਰਸ ਪੰਜਾਬ ਦੀ ਤਰੱਕੀ ਦੀ ਨਵੀਂ ਇਬਾਰਤ ਲਿਖ਼ੇਗੀ ਅਤੇ ਰਾਜ ਨਵੀਆਂ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਰਾਜ ਨੰਬਰਦਾਰ, ਰਣਇੰਦਰ ਸਿੰਘ, ਭਰਤ ਇੰਦਰ ਸਿੰਘ ਚਾਹਲ, ਭੁਪਿੰਦਰ ਸਿੰਘ, ਹਰਿੰਦਰ ਸਿੰਘ ਜੋੜਕੀਆਂ, ਐਡਵੋਕੇਟ ਵਿਕਰਮਜੀਤ ਭੁੱਲਰ, ਅੰਕਿਤ ਬਾਂਸਲ, ਨਵਰਾਜ ਗਰਗ ਆਦਿ ਹਾਜ਼ਰ ਸਨ।