ਅੰਮ੍ਰਿਤਸਰ/ਬਿਊਰੋ ਨਿਊਜ਼ : ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਵਾਸਤੇ ਵਰਤੇ ਜਾਂਦੇ ਸਰੋਵਰ ਦੇ ਜਲ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਇੱਥੇ ਟਰੀਟਮੈਂਟ ਪਲਾਂਟ ਲਾਉਣ ਦੀ ਪ੍ਰਸਤਾਵਿਤ ਯੋਜਨਾ ਅਮਲ ਵਿੱਚ ਲਿਆਉਣ ਲਈ ਸ਼੍ਰੋਮਣੀ ਕਮੇਟੀ ਆਪਣੇ ਪੱਧਰ ‘ਤੇ ਢੁਕਵੇਂ ਉਪਰਾਲੇ ਕਰੇਗੀ। ਪਿਛਲੇ ਦਿਨੀਂ ਜਲ ਸਰੋਤ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਸੀ। ਉਨ੍ਹਾਂ ਆਪਣੇ ਦੌਰੇ ਦੌਰਾਨ ਬਿਆਸ ਦੇ ਪਲੀਤ ਹੋਏ ਪਾਣੀ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਹ ਹਰਿਮੰਦਰ ਸਾਹਿਬ ਵਿਖੇ ਵੀ ਨਤਮਸਤਕ ਹੋਣ ਲਈ ਪੁੱਜੇ ਸਨ। ਉਨ੍ਹਾਂ ਇੱਥੇ ਸਰੋਵਰ ਦੇ ਜਲ ਦੀ ਧੁਆਈ ਵਾਸਤੇ ਹੋ ਰਹੀ ਵਰਤੋਂ ਤੋਂ ਬਾਅਦ ਇਸੇ ਜਲ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਇੱਥੇ ਟਰੀਟਮੈਂਟ ਪਲਾਂਟ ਲਾਉਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਇਸ ਸਬੰਧੀ ਸੈਂਟਰਲ ਗਰਾਊਂਡ ਵਾਟਰ ਬੋਰਡ ਨੂੰ ਹਦਾਇਤ ਕੀਤੀ ਸੀ ਕਿ ਉਹ ਇੱਥੇ ਪਰਿਕਰਮਾ ਵਿੱਚ ਸਰੋਵਰ ਦੇ ਜਲ ਦੀ ਮੁੜ ਵਰਤੋਂ ਸਬੰਧੀ ਪਲਾਂਟ ਲਾਵੇ।
ਦੱਸਣਯੋਗ ਹੈ ਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਸਫ਼ਾਈ ਵਾਸਤੇ ਰੋਜ਼ਾਨਾ ਦਿਨ ਵਿੱਚ ਦੋ ਵਾਰ ਤੜਕੇ ਸਵੇਰੇ ਅਤੇ ਬਾਅਦ ਦੁਪਹਿਰ ਪਰਿਕਰਮਾ ਦੀ ਧੁਆਈ ਕੀਤੀ ਜਾਂਦੀ ਹੈ। ਧੁਆਈ ਵਾਸਤੇ ਸਰੋਵਰ ਦੇ ਜਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਰੁਝਾਨ ਕਈ ਦਹਾਕਿਆਂ ਤੋਂ ਜਾਰੀ ਹੈ। ਧੁਆਈ ਵਾਸਤੇ ਸਰੋਵਰ ਵਿੱਚੋਂ ਸੈਂਕੜੇ ਬਾਲਟੀਆਂ ਜਲ ਵਰਤਿਆ ਜਾਂਦਾ ਹੈ, ਜੋ ਬਾਅਦ ਵਿੱਚ ਮੁੜ ਵਰਤੋਂ ਵਿੱਚ ਨਹੀਂ ਆਉਂਦਾ। ਪਾਵਨ ਸਰੋਵਰ ਦਾ ਇਹ ਜਲ ਅਜਾਈਂ ਚਲਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਲ ਨੂੰ ਅਜਾਈਂ ਜਾਣ ਤੋਂ ਰੋਕਣ ਲਈ ਇਸ ਨੂੰ ਜ਼ਮੀਨ ਹੇਠ ਭੇਜਣ ਵਾਸਤੇ ਨੇੜੇ ਹੀ ਵਿਸ਼ੇਸ਼ ਬੋਰ ਕੀਤੇ ਹੋਏ ਹਨ। ਜੇਕਰ ਇਸ ਜਲ ਨੂੰ ਮੁੜ ਵਰਤੋਂ ਯੋਗ ਬਣਾ ਲਿਆ ਜਾਵੇ ਤਾਂ ਇੱਥੇ ਬਣੇ ਇਸ਼ਨਾਨਘਰ ਅਤੇ ਹੋਰ ਥਾਵਾਂ ‘ਤੇ ਇਸ ਨੂੰ ਵਰਤਿਆ ਜਾ ਸਕਦਾ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਅਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਇਸ ਸਬੰਧੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਰਾਹੀਂ ਕੇਂਦਰੀ ਰਾਜ ਮੰਤਰੀ ਨੂੰ ਪ੍ਰਸਤਾਵਿਤ ਯੋਜਨਾ ਅਮਲ ਵਿੱਚ ਲਿਆਉਣ ਬਾਰੇ ਯਾਦ ਕਰਾਇਆ ਜਾਵੇਗਾ। ਇਸ ਸਬੰਧੀ ਕੇਂਦਰੀ ਰਾਜ ਮੰਤਰੀ ਨੂੰ ਇਕ ਪੱਤਰ ਭੇਜਿਆ ਜਾਵੇਗਾ।
Home / ਪੰਜਾਬ / ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਧੁਆਈ ਵਾਸਤੇ ਵਰਤੇ ਜਾਂਦੇ ਸਰੋਵਰ ਦੇ ਜਲ ਨੂੰ ਮੁੜ ਵਰਤੋਂ ‘ਚ ਲਿਆਉਣ ਲਈ ਵਿਚਾਰਾਂ
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …