ਤਰਨਤਾਰਨ/ਬਿਊਰੋ ਨਿਊਜ਼ : ਪਿੰਡ ਪਲਾਸੌਰ ਵਿੱਚ ਵੋਟਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜਿਆਂ ਦਰਮਿਆਨ ਪੈਦਾ ਹੋਏ ਤਕਰਾਰ ਕਾਰਨ ਇਕ ਸਾਬਕਾ ਸਰਪੰਚ ਦੇ ਧੜੇ ਵੱਲੋਂ ਦਲਿਤਾਂ ਦੀ ਕਲੋਨੀ ਵਿੱਚ ਗੋਲੀਆਂ ਚਲਾ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਸ਼ਨਾਖਤ ਸੁਰਜੀਤ ਸਿੰਘ (35) ਵਜੋਂ ਹੋਈ ਹੈ। ਜ਼ਖਮੀ ਹੋਏ ਜਸਵੰਤ ਸਿੰਘ ਨੂੰ ਇੱਥੋਂ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਕ ਹਫਤਾ ਪਹਿਲਾਂ ਅਕਾਲੀ ਦਲ ਦੇ ਇਸ ਹਲਕੇ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਚੋਣ ਰੈਲੀ ਦੇ ਬਾਅਦ ਲੜਾਈ ਹੋਈ ਸੀ, ਜਿਸ ਵਿੱਚ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੱਬੂ, ਉਸ ਦੇ ਭਰਾ ਅਮਰਪਾਲ ਸਿੰਘ (ਬੋਨੀ) ਅਤੇ ਹੋਰਨਾਂ ਵੱਲੋਂ ਦਲਿਤਾਂ ਖਿਲਾਫ਼ ਕੋਈ ਟਿੱਪਣੀ ਕੀਤੀ ਗਈ ਸੀ। ਇਸ ਦਾ ਦਲਿਤ ਭਾਈਚਾਰੇ ਦੇ ਲੋਕਾਂ ਨੇ ਵਿਰੋਧ ਕੀਤਾ ਸੀ। ਗੁਰਪ੍ਰੀਤ ਸਿੰਘ ਅਤੇ ਉਸ ਦਾ ਧੜਾ ਇਸ ਗੱਲ ਤੋਂ ਖਫਾ ਸੀ ਅਤੇ ਬਦਲਾ ਲੈਣ ਦੀ ਤਾਕ ਵਿੱਚ ਸੀ।
ਮ੍ਰਿਤਕ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਨ੍ਹਾਂ ਧਮਕੀਆਂ ਕਰਕੇ ਹੀ ਪਰਿਵਾਰ ਦੇ ਜੀਆਂ ਨੇ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ। ਉਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਵੇਲੇ ਉਸ ਨੇ ਗੁਰਪ੍ਰੀਤ ਸਿੰਘ ਬੱਬੂ ਤੇ ਉਸ ਦੇ ਕਈ ਸਾਥੀਆਂ ਨੂੰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਵੱਲ ਨੂੰ ਆਉਂਦੇ ਦੇਖਿਆ। ਉਸ ਨੇ ਆਪਣੇ ਬੱਚਿਆਂ ਨੂੰ ਘਰ ਦਾ ਬਾਹਰ ਵਾਲਾ ਬੂਹਾ ਬੰਦ ਕਰ ਦੇਣ ਲਈ ਕਿਹਾ। ਪਰਿਵਾਰ ਦੇ ਸਾਰੇ ਜੀਅ ਬਾਹਰ ਵਾਲਾ ਬੂਹਾ ਬੰਦ ਕਰਕੇ ਕੋਠੇ ‘ਤੇ ਜਾ ਚੜ੍ਹੇ। ਇਸ ਦੇ ਬਾਅਦ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਹਮਲਾਵਰ ਗੁਆਂਢ ਦੇ ਇਕ ਕੋਠੇ ‘ਤੇ ਚੜ੍ਹ ਗਏ ਅਤੇ ਉਨ੍ਹਾਂ ਜਗੀਰ ਸਿੰਘ ਦੇ ਪਰਿਵਾਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਗੋਲੀ ਸੁਰਜੀਤ ਸਿੰਘ ਦੇ ਮੱਥੇ ਵਿਚ ਲੱਗੀ ਤੇ ਉਹ ਥਾਂ ‘ਤੇ ਹੀ ਡਿੱਗ ਪਿਆ। ਜਗੀਰ ਸਿੰਘ ਦਾ ਇਕ ਹੋਰ ਲੜਕਾ ਜਸਵੰਤ ਸਿੰਘ ਵੀ ਜ਼ਖ਼ਮੀ ਹੋ ਗਿਆ। ઠਇਸੇ ਦੌਰਾਨ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਜਗੀਰ ਸਿੰਘ ਦੇ ਘਰ ਦੇ ਸਾਮਾਨ ਦੀ ਭੰਨ-ਤੋੜ ਵੀ ਕੀਤੀ। ਪਰਿਵਾਰ ਨੇ ਸੁਰਜੀਤ ਸਿੰਘ ਅਤੇ ਜਸਵੰਤ ਸਿੰਘ ਨੂੰ ਇਥੋਂ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਦਾਖਲ ਕਰਾਇਆ, ਜਿਥੇ ਡਾਕਟਰਾਂ ਨੇ ਸੁਰਜੀਤ ਸਿੰਘ ਮ੍ਰਿਤਕ ਐਲਾਨ ਦਿੱਤਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …