Breaking News
Home / ਪੰਜਾਬ / ਰੈਗੂਲਰ ਕੀਤੇ ਠੇਕਾ ਆਧਾਰਤ ਅਧਿਆਪਕਾਂ ਦੀਆਂ ਤਨਖਾਹਾਂ ‘ਚ ਤਿੰਨ ਗੁਣਾ ਵਾਧਾ

ਰੈਗੂਲਰ ਕੀਤੇ ਠੇਕਾ ਆਧਾਰਤ ਅਧਿਆਪਕਾਂ ਦੀਆਂ ਤਨਖਾਹਾਂ ‘ਚ ਤਿੰਨ ਗੁਣਾ ਵਾਧਾ

ਮੁੱਖ ਮੰਤਰੀ ਵੱਲੋਂ ਹੋਰ ਲਾਭਾਂ ਸਮੇਤ ਤਨਖ਼ਾਹ ਵਿੱਚ ਹਰ ਸਾਲ ਪੰਜ ਫ਼ੀਸਦ ਸਾਲਾਨਾ ਵਾਧੇ ਦਾ ਵੀ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਸਰਕਾਰ ਵੱਲੋਂ ਪਿਛਲੇ ਦਿਨੀਂ ਰੈਗੂਲਰ ਕੀਤੇ 12,700 ਠੇਕਾ ਅਧਾਰਿਤ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਤਿੰਨ ਗੁਣਾ ਵਾਧਾ ਕਰਨ ਅਤੇ ਸਰਕਾਰੀ ਨੌਕਰੀ ਦੇ ਹੋਰ ਸਾਰੇ ਲਾਭ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਉਨ੍ਹਾਂ ਪੰਜਾਬ ਵਾਸੀਆਂ ਦੇ ਨਾਮ ਆਪਣੇ ਆਨਲਾਈਨ ਸੰਬੋਧਨ ਦੌਰਾਨ ਕੀਤਾ ਹੈ। ਮਾਨ ਨੇ ਕਿਹਾ ਕਿ ਬੀਏ ਪਾਸ ਸਿੱਖਿਆ ਪ੍ਰੋਵਾਈਡਰ (ਐਸੋਸੀਏਟ ਟੀਚਰ) ਜਿਨ੍ਹਾਂ ਨੂੰ ਪਹਿਲਾਂ 9500 ਰੁਪਏ ਤਨਖਾਹ ਮਿਲ ਰਹੀ ਹੈ, ਉਨ੍ਹਾਂ ਨੂੰ ਹੁਣ 20,500, ਜਦਕਿ ਈਟੀਟੀ ਤੇ ਐੱਨਟੀਟੀ ਯੋਗਤਾ ਵਾਲੇ ਅਧਿਆਪਕਾਂ ਨੂੰ 10,250 ਦੀ ਥਾਂ 22 ਹਜ਼ਾਰ ਅਤੇ ਬੀਏ ਤੇ ਐੱਮਏ ਬੀਐੱਡ ਡਿਗਰੀਆਂ ਵਾਲੇ ਅਧਿਆਪਕਾਂ ਨੂੰ 11 ਹਜ਼ਾਰ ਦੀ ਥਾਂ 23,500 ਰੁਪਏ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਈਈਵੀ ਵਾਲੰਟੀਅਰਾਂ ਨੂੰ ਹੁਣ 5500 ਦੀ ਥਾਂ 15 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਵਾਲੰਟੀਅਰਾਂ ਦੀ ਤਨਖ਼ਾਹ ਵੀ 3500 ਰੁਪਏ ਤੋਂ ਵਧਾ ਕੇ 15 ਹਜ਼ਾਰ ਅਤੇ 6 ਹਜ਼ਾਰ ਲੈਣ ਵਾਲੇ ਈਜੀਐੱਸ, ਈਆਈਈ ਤੇ ਐੱਸਟੀਆਰ ਅਧਿਆਪਕਾਂ ਨੂੰ 18 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ‘ਤੇ ਹੁਣ ਤੱਕ ਸਿਰਫ਼ ਗੱਲਾਂ ਹੀ ਕੀਤੀਆਂ ਹਨ, ਪਰ ‘ਆਪ’ ਸਰਕਾਰ ਨੇ ਸਿੱਖਿਆ ਵਿਭਾਗ ‘ਚ 10 ਸਾਲ ਤੋਂ ਵੱਧ ਸੇਵਾਵਾਂ ਨਿਭਾਉਣ ਵਾਲੇ ਠੇਕਾ ਅਧਾਰਿਤ ਅਧਿਆਪਕਾਂ ਨੂੰ ਰੈਗੂਲਰ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਸਕੂਲ ਸਿੱਖਿਆ ਵਿਭਾਗ ‘ਚ ਐਡਹਾਕ, ਕੰਟਰੈਕਟ, ਆਰਜ਼ੀ ਅਧਿਆਪਕਾਂ (ਰਾਸ਼ਟਰ ਨਿਰਮਾਤਾ) ਤੇ ਹੋਰ ਕਰਮਚਾਰੀਆਂ ਦੀ ਭਲਾਈ ਸਬੰਧੀ ਨੀਤੀ ਅਧੀਨ ਹੋਣਗੀਆਂ। ਵਿਦਿਅਕ ਯੋਗਤਾ ਤੇ ਸੇਵਾਵਾਂ ‘ਚ ਦਾਖ਼ਲੇ ਲਈ ਮੁੱਢਲੀਆਂ ਸ਼ਰਤਾਂ ਦੇ ਆਧਾਰ ‘ਤੇ ਇਨ੍ਹਾਂ ਦੀਆਂ ਤਨਖਾਹਾਂ 58 ਸਾਲ ਦੀ ਸੇਵਾ ਪੂਰੀ ਹੋਣ ਤੱਕ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਵਿੱਚ ਹਰ ਸਾਲ 5 ਫ਼ੀਸਦ ਦਾ ਵਾਧਾ ਵੀ ਕੀਤਾ ਜਾਵੇਗਾ।

 

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …