ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਪਿੰਡ ਭਾਈਰੂਪਾ ਦੇ ਇਕ ਅੰਮ੍ਰਿਤਧਾਰੀ ਬਜ਼ੁਰਗ ਨੂੰ ਥਾਣਾ ਫੂਲ ਵਿਚ ਚਾਰ ਪੁਲਿਸ ਕਰਮੀਆਂ ਵੱਲੋਂ ਨੰਗਾ ਕਰਕੇ ਉਸ ਦੀ ਵੀਡੀਓ ਬਣਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੁਣ ਇਸ ਪੀੜਤ ਵਿਅਕਤੀ ਦਾ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਉਧਰ ਪੀੜਤ ਵਿਅਕਤੀ ਵੱਲੋਂ ਮਾਮਲੇ ਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ ਗਈ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਦੇ ਐੱਸਐੱਸਪੀ ਵੱਲੋਂ ਪੀੜਤ ਬਜ਼ੁਰਗ ਵਿਅਕਤੀ ਦੇ ਬਿਆਨ ਲਏ ਜਾ ਰਹੇ ਹਨ ਤਾਂ ਜੋ ਅਗਲੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕੇ।
ਜਾਣਕਾਰੀ ਮੁਤਾਬਿਕ ਇਸ ਘਟਨਾ ਦਾ ਸ਼ਿਕਾਰ ਹੋਏ ਵਿਅਕਤੀ ਧਰਮ ਸਿੰਘ ਖਾਲਸਾ ਜੋਕਿ ਪਿੰਡ ਦੇ ਇਤਿਹਾਸਕ ਗੁਰਦੁਆਰੇ ਵਿਚ ਮੌਜੂਦਾ ਕਮੇਟੀ ਮੈਂਬਰ ਵੀ ਹੈ, ਨੇ ਦੱਸਿਆ ਕਿ ਨਵੰਬਰ 2015 ਨੂੰ ਉਨ੍ਹਾਂ ਦੇ ਪਿੰਡ ਦੇ ਗੁਰੂ ਘਰ ਦੀ ਜ਼ਮੀਨ ਨੂੰ ਲੈ ਕੇ ਪਿੰਡ ਵਾਸੀਆਂ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਝਗੜਾ ਚੱਲ ਰਿਹਾ ਸੀ। ਉਹ ਆਪਣੀ ਜ਼ਮੀਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਸਨ ਤਾਂ ਥਾਣਾ ਫੂਲ ਦੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਵੱਲੋਂ 17 ਨਵੰਬਰ, 2015 ਨੂੰ ਧਰਮ ਸਿੰਘ ਖਾਲਸਾ ਤੋਂ ਇਲਾਵਾ ਉਸ ਦੇ ਤਿੰਨ ਹੋਰ ਸਾਥੀ ਜਿਨ੍ਹਾਂ ਵਿਚ ਸੁਖਦੇਵ ਸਿੰਘ ਸਾਬਕਾ ਪੰਚਾਇਤ ਮੈਂਬਰ, ਦਰਸ਼ਨ ਸਿੰਘ ਕਿੰਗਰਾ ਅਤੇ ‘ਆਪ’ ਦੇ ਹਲਕਾ ਆਗੂ ਗੁਰਚਰਨ ਸਿੰਘ ਫ਼ੌਜੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣਾ ਫੂਲ ਵਿਚ ਬੰਦ ਕਰ ਦਿੱਤਾ ਗਿਆ। ਉਸੇ ਦਿਨ ਰਾਤ ਨੌਂ ਵਜੇ ਦੇ ਕਰੀਬ ਚਾਰ ਪੁਲਿਸ ਮੁਲਾਜ਼ਮਾਂ ਨੇ ਜਿਥੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਉਥੇ ਉਸ ਦਾ ਗਾਤਰਾ ਤੇ ਕਛਿਹਰਾ ਤੱਕ ਉਤਾਰ ਦਿੱਤਾ ਤੇ ਨੰਗਾ ਕਰਨ ਤੋਂ ਬਾਅਦ ਮੋਬਾਈਲ ਫੋਨ ਨਾਲ ਤਿੰਨ ਤੋਂ ਚਾਰ ਮਿੰਟ ਦਾ ਵੀਡੀਓ ਬਣਾ ਲਿਆ। ਪਰ ਮਾਮਲਾ ਉਸ ਸਮੇਂ ਕਾਫੀ ਗਰਮਾ ਗਿਆ ਹੁਣ ਜਦੋਂ ਦੋ ਦਿਨ ਪਹਿਲਾਂ ਉਸ ਦੀ ਇਹ ਤਿਆਰ ਕੀਤੀ ਗਈ ਵੀਡੀਓ ਨੂੰ ਇਕ ਜਥੇਦਾਰ ਦੇ ਪੋਤੇ ਵੱਲੋਂ ਫੇਸਬੁੱਕ ‘ਤੇ ਅਪਲੋਡ ਕਰ ਦਿੱਤਾ ਗਿਆ।
ਸਿਆਸੀ ਰੰਜ਼ਿਸ਼ ਦੇ ਚੱਲਦੇ ਹੋਈ ਘਟਨਾ : ਪੀੜਤ ਧਰਮ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਘਟਨਾ ਦਾ ਕਾਰਨ ਰਾਜਸੀ ਰੰਜਿਸ਼ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਇਲਾਕੇ ਦੇ ਅਕਾਲੀ ਆਗੂਆਂ ਵੱਲੋਂ ਹੀ ਯੋਜਨਾ ਉਲੀਕੀ ਗਈ ਸੀ। ਉਨ੍ਹਾਂ ਦੱਸਿਆ ਕਿ ਜਿਹੜੇ ਆਗੂ ਇਸ ਘਟਨਾ ਵਿਚ ਸ਼ਾਮਲ ਹਨ ਉਨ੍ਹਾਂ ਸਾਰਿਆਂ ਦੇ ਨਾਂ ਉਨ੍ਹਾਂ ਨੇ ਪੁਲਿਸ ਕੋਲ ਦਰਜ ਕਰਵਾਏ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …