
ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਲਾਂਘਾ ਖੁੱਲ੍ਹਣ ਦੀ ਉਡੀਕ
ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦੇ ਪ੍ਰਤੀਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹੇ ਹੋਏ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ। ਕਰੋਨਾ ਮਹਾਮਾਰੀ ਕਾਰਨ ਇਹ ਲਾਂਘਾ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ। ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸੇ ਤੋਂ ਲਾਂਘਾ ਖੋਲ੍ਹ ਦਿੱਤਾ ਹੈ ਪਰ ਭਾਰਤ ਸਰਕਾਰ ਨੇ ਹਾਲੇ ਤੱਕ ਕੋਰੀਡੌਰ ਖੋਲ੍ਹਣ ਦਾ ਫੈਸਲਾ ਨਹੀਂ ਲਿਆ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ”ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇੱਕ ਸਾਲ ਪੂਰਾ ਹੋਣ ‘ਤੇ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਸਦਾ ਆਪਣੀ ਮਿਹਰ ਹਰ ਇੱਕ ਜੀਅ ‘ਤੇ ਬਣਾਈ ਰੱਖੇ। ਕੋਵਿਡ-19 ਕਰਕੇ ਬੰਦ ਹੋਏ ਕਰਤਾਰਪੁਰ ਲਾਂਘੇ ਦੇ ਮੁੜ ਖੁੱਲਣ ਦੀ ਉਡੀਕ ਵਿੱਚ ਹਾਂ ਤਾਂ ਜੋ ਅਸੀਂ ਸਾਰੇ ਸਰਹੱਦ ਪਾਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੀਏ।” ਜ਼ਿਕਰਯੋਗ ਹੈ ਕਿ ਆਉਂਦੀ 30 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿਚ ਮਨਾਇਆ ਜਾਣਾ ਹੈ। ਇਸਦੇ ਚੱਲਦਿਆਂ ਨਾਨਕ ਨਾਮ ਲੇਵਾ ਸੰਗਤ ਅਰਦਾਸ ਕਰ ਰਹੀ ਹੈ ਕਿ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਖੋਲ੍ਹਿਆ ਜਾਵੇ।