ਇੰਡੀਗੋ ਏਅਰਲਾਈਜ਼ ਵਲੋਂ 6 ਅਕਤੂਬਰ ਤੋਂ ਕੀਤੀ ਜਾਵੇਗੀ ਸ਼ੁਰੂਆਤ
ਚੰਡੀਗੜ੍ਹ/ਬਿਊਰੋ ਨਿਊਜ਼
ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਸਿੰਘਾਪੁਰ ਅਤੇ ਬੈਂਕਾਕ ਲਈ ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ। ਇੰਡੀਗੋ ਏਅਰਲਾਈਨਜ਼ ਵੱਲੋਂ 6 ਅਕਤੂਬਰ 2017 ਤੋਂ ਸਿੰਘਾਪੁਰ ਅਤੇ ਬੈਂਕਾਕ ਲਈ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਮੁਹਾਲੀ ਵਿਚਲੇ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਸਬੰਧੀ ਅਦਾਲਤ ਵੱਲੋਂ ਕੀਤੀ ਗਈ ਸਖ਼ਤੀ ਦੇ ਚੱਲਦਿਆਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਕੌਮਾਂਤਰੀ ਉਡਾਣਾਂ ਵਧਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸੇ ਮਕਸਦ ਦੀ ਪੂਰਤੀ ਲਈ ਇਹ ਕਦਮ ਚੁੱਕਿਆ ਗਿਆ ਹੈ।
ਜਾਣਕਾਰੀ ਮੁਤਾਬਿਕ ਇੰਡੀਗੋ ਏਅਰ ਲਾਈਨਜ਼ ਵੱਲੋਂ ਜੋ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਣੀ ਹੈ, ਉਸ ਦੇ ਮੱਦੇਨਜ਼ਰ ਸਭ ਤੋਂ ਪਹਿਲਾਂ ਰਨਵੇਅ ਦੀ ਮੁਰੰਮਤ ਕੀਤੀ ਜਾਣੀ ਹੈ, ਜਿਸ ਕਰਕੇ 3 ਅਕਤੂਬਰ ਤੋਂ 31 ਅਕਤੂਬਰ ਤੱਕ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੀ ਹਵਾਈ ਅੱਡਾ ਯਾਤਰੀਆਂ ਲਈ ਖੁੱਲ੍ਹਾ ਰਿਹਾ ਕਰੇਗਾ ਤੇ ਸ਼ਾਮ ਨੂੰ ਮੁਰੰਮਤ ਦਾ ਕੰਮ ਹੋਵੇਗਾ।