ਹਰੀਸ਼ ਰਾਵਤ ਨੇ ਸਿੱਧੂ ਦੀ ਵਾਪਸੀ ਦੇ ਦਿੱਤੇ ਸੰਕੇਤ
ਚੰਡੀਗੜ੍ਹ : ਕਾਂਗਰਸ ਹਾਈ ਕਮਾਂਡ ਨੇ ਹਾਲ ਹੀ ਵਿਚ ਥਾਪੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵਲੋਂ ਪੰਜਾਬ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦੇ ਸੰਕੇਤ ਦਿੱਤੇ ਹਨ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਅਨੁਸਾਰ ਨਵੇਂ ਕਾਂਗਰਸ ਇੰਚਾਰਜ ਜਲਦ ਪੰਜਾਬ ਦਾ ਦੌਰਾ ਕਰਕੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਰਾਬਤਾ ਵੀ ਬਣਾਉਣਗੇ। ਦੂਜੇ ਪਾਸੇ ਕਾਂਗਰਸੀ ਸੂਤਰਾਂ ਅਨੁਸਾਰ ਹਰੀਸ਼ ਰਾਵਤ ਸੂਬੇ ਦੀ ਸਰਗਰਮ ਰਾਜਨੀਤੀ ਵਿਚ ਨਵਜੋਤ ਸਿੱਧੂ ਨੂੰ ਵਾਪਸ ਲਿਆਉਣ ਦੇ ਇੱਛੁਕ ਹਨ ਅਤੇ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਵਿਚ ਉਹ ਸਿੱਧੂ ਨਾਲ ਰਾਬਤਾ ਬਣਾ ਕੇ ਗੱਲਬਾਤ ਵੀ ਕਰਨ। ਇਸ ਗੱਲ ਦਾ ਅੰਦਾਜ਼ਾ ਹਰੀਸ਼ ਰਾਵਤ ਦੇ ਬਿਆਨ ਤੋਂ ਵੀ ਲਗਾਇਆ ਜਾ ਸਕਦਾ ਹੈ, ਜਿਸ ਵਿਚ ਉਨ੍ਹਾਂ ਸਿੱਧੂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਸਿੱਧੂ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਲਈ ਬੇਹੱਦ ਖ਼ਾਸ ਹਨ ਅਤੇ ਉਹ ਪਾਰਟੀ ਦੀ ਇਕ ਅਹਿਮ ਸੰਪਤੀ ਹਨ। ਉਨ੍ਹਾਂ ਕਿਹਾ ਕਿ ਸਿੱਧੂ ਪਾਰਟੀ ਲਈ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ‘ਚ ਅਹਿਮੀਅਤ ਹੈ। ਉੱਧਰ ਨਵਜੋਤ ਸਿੱਧੂ ਜੋ ਪਿਛਲੇ ਲੰਮੇ ਸਮੇਂ ਤੋਂ ਸਿਆਸੀ ਇਕਾਂਤਵਾਸ ਵਿਚ ਹਨ, ਉਨ੍ਹਾਂ ਕਿਸਾਨਾਂ ਦੇ ਮਸਲੇ ‘ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ ਸੀ। ਉਨ੍ਹਾਂ ਦੇ ਅਚਾਨਕ ਚੁੱਪੀ ਤੋੜਨ ਨੂੰ ਵੀ ਆਉਂਦੇ ਸਮੇਂ ਦੌਰਾਨ ਸਰਗਰਮ ਗਤੀਵਿਧੀਆਂ ਸ਼ੁਰੂ ਹੋਣ ਦੀ ਸੰਭਾਵਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪਿਛਲੇ ਸਮੇਂ ਦੌਰਾਨ ਸਿੱਧੂ ਬਾਰੇ ‘ਆਪ’ ਅਤੇ ਭਾਜਪਾ ਦੇ ਸੰਪਰਕ ਵਿਚ ਹੋਣ ਦੀਆਂ ਚਰਚਾਵਾਂ ਵੀ ਚੱਲਦੀਆਂ ਰਹੀਆਂ ਹਨ ਪਰ ਕਾਂਗਰਸੀ ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਇੰਚਾਰਜ ਬਦਲੇ ਜਾਣ ਨਾਲ ਸਿੱਧੂ ਵੀ ਮੁੜ ਪੰਜਾਬ ਦੀ ਸਰਗਰਮ ਰਾਜਨੀਤੀ ਵਿਚ ਵਾਪਸੀ ਦੀ ਪੂਰੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਪੰਜਾਬ ਕਾਂਗਰਸ ਵਰਕਰਾਂ ਅਤੇ ਪਾਰਟੀ ਨਾਲ ਸਬੰਧਿਤ ਮੁਸ਼ਕਲਾਂ ਦੇ ਹੱਲ ਲਈ ਰਣਨੀਤੀ ਤਿਆਰ ਕਰ ਰਹੇ ਹਨ ਅਤੇ ਆਉਂਦੇ ਸਮੇਂ ਵਿਚ ਇਸ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਵਰਕਰਾਂ ਵਲੋਂ ਹਰੀਸ਼ ਰਾਵਤ ਨਾਲ ਸੰਪਰਕ ਸਾਧ ਕੇ ਆਪਣੀ ਹੀ ਸਰਕਾਰ ਦੇ ਹੁੰਦਿਆਂ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾ ਰਹੇ ਹਨ, ਜਿਸ ਨੂੰ ਕਾਂਗਰਸ ਇੰਚਾਰਜ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਹੱਲ ਦਾ ਭਰੋਸਾ ਦੇ ਰਹੇ ਹਨ।
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਬਹੁਤੇ ਵਰਕਰ ਕਾਂਗਰਸ ਸਰਕਾਰ ਦੇ 3 ਸਾਲ ਤੋਂ ਵੀ ਜ਼ਿਆਦਾ ਸਮਾਂ ਨਿਕਲ ਜਾਣ ਮਗਰੋਂ ਕੋਈ ਸਿਆਸੀ ਅਹੁਦਾ ਨਾ ਮਿਲਣ ਕਾਰਨ ਹਰੀਸ਼ ਰਾਵਤ ਨਾਲ ਸੰਪਰਕ ਬਣਾ ਰਹੇ ਹਨ।
Check Also
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਲਾਪਤਾ
ਜਲੰਧਰ ’ਚ ਭਾਜਪਾ ਆਗੂਆਂ ਨੇ ਸੰਸਦ ਮੈਂਬਰ ਦੇ ਗੁੰਮਸ਼ੁਦਾ ਹੋਣ ਸਬੰਧੀ ਲਗਾਏ ਪੋਸਟਰ ਜਲੰਧਰ/ਬਿਊਰੋ ਨਿਊਜ਼ …