Breaking News
Home / ਪੰਜਾਬ / ਗੁਰਦਾਸਪੁਰ ‘ਚ ਯੂਥ ਕਾਂਗਰਸੀਆਂ ਨੇ ਸਨੀ ਦਿਓਲ ਦੀ ਤਸਵੀਰ ‘ਤੇ ਮਲੀ ਕਾਲਖ

ਗੁਰਦਾਸਪੁਰ ‘ਚ ਯੂਥ ਕਾਂਗਰਸੀਆਂ ਨੇ ਸਨੀ ਦਿਓਲ ਦੀ ਤਸਵੀਰ ‘ਤੇ ਮਲੀ ਕਾਲਖ

ਕਾਹਨੂੰਵਾਨ/ਬਿਊਰੋ ਨਿਊਜ਼ : ਗੁਰਦਾਸਪੁਰ ‘ਚ ਪੈਂਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਯੂਥ ਕਾਂਗਰਸ ਦੇ ਕੋਰ ਕਮੇਟੀ ਮੈਂਬਰ ਕੰਵਰ ਪ੍ਰਤਾਪ ਸਿੰਘ ਬਾਜਵਾ ਅਤੇ ਭੁਪਿੰਦਰਪਾਲ ਸਿੰਘ ਵਿੱਟੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਅਤੇ ਸੰਸਦ ਮੈਂਬਰ ਸਨੀ ਦਿਓਲ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਗੁੱਸੇ ਵਿੱਚ ਆਏ ਯੂਥ ਕਾਂਗਰਸੀਆਂ ਨੇ ਫਲੈਕਸ ‘ਤੇ ਛਪੀ ਸਨੀ ਦਿਓਲ ਦੀ ਤਸਵੀਰ ‘ਤੇ ਵੀ ਕਾਲਖ਼ ਮਲੀ। ਇਸ ਮੌਕੇ ਗੱਲਬਾਤ ਕਰਦਿਆਂ ਕੰਵਰ ਪ੍ਰਤਾਪ ਸਿੰਘ ਬਾਜਵਾ, ਭੁਪਿੰਦਰਪਾਲ ਸਿੰਘ ਵਿੱਟੀ, ਚੇਅਰਮੈਨ ਜਸਬੀਰ ਸਿੰਘ ਢੀਂਡਸਾ, ਠਾਕਰ ਵਿਕਰਮ ਸਿੰਘ, ਰਾਹੁਲ ਸ਼ਰਮਾ, ਪ੍ਰਿੰਸ ਕਾਲਾ ਬਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਖੇਤੀ ਕਾਨੂੰਨ ਪਾਸ ਕੀਤੇ ਹਨ, ਉਨਾਂ ਵਿੱਚ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸਨੀ ਦਿਓਲ ਨੇ ਵੀ ਵੋਟ ਪਾਈ ਹੈ। ਉਸ ਨੂੰ ਭੁੱਲ ਗਿਆ ਹੈ ਕਿ ਉਸ ਨੂੰ ਮਿਲੀਆਂ ਵੋਟਾਂ ਵਿਚੋਂ 70 ਫੀਸਦੀ ਵੋਟਾਂ ਕਿਸਾਨਾਂ ਦੀਆਂ ਹੀ ਸਨ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਯੂਥ ਕਾਂਗਰਸ ਸਨੀ ਦਿਓਲ ਅਤੇ ਭਾਜਪਾ ਦਾ ਵਿਰੋਧ ਕਰਦੀ ਰਹੇਗੀ।
ਹਲਕੇ ਦੇ ਲੋਕ ਸਨੀ ਦਿਓਲ ਤੋਂ ਖ਼ਫਾ
ਬਟਾਲਾ : ਕੇਂਦਰ ਸਰਕਾਰ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਤਿੰਨ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਅਤੇ ਇਸ ਸਬੰਧੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਐੱਮਪੀ ਸਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਐੱਮਪੀ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਆਵਾਜ਼ ਨਾ ਚੁੱਕਣ ‘ਤੇ ਲੋਕ ਸੋਸ਼ਲ ਮੀਡੀਆ ‘ਤੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨੇ ਇੱਥੇ ਦੱਸਿਆ ਕਿ ਉਨਾਂ ਨੇ ਸਨੀ ਦਿਓਲ ਦੀ ਜਿੱਤ ਲਈ ਦਿਨ ਰਾਤ ਲੋਕਾਂ ਤੱਕ ਪਹੁੰਚ ਕੀਤੀ, ਪਰ ਕਿਸਾਨੀ ਵਿਰੁੱਧ ਬਿੱਲਾਂ ‘ਤੇ ਉਨਾਂ ਦੀ ਖ਼ਾਮੋਸ਼ੀ ਕਾਰਨ ਉਹ ਨਿਰਾਸ਼ ਹਨ। ਉਨਾਂ ਕਿਹਾ ਕਿ ਹੁਣ ਤਾਂ ਉਨਾਂ ਗੁੱਸੇ ਨਾਲ ਭਰੇ ਲੋਕਾਂ ਦੇ ਤਾਅਨੇ-ਮਿਹਣੇ ਸੁਣਨ ਨੂੰ ਮਿਲ ਰਹੇ ਹਨ। ਉਧਰ ਹਲਕਾ ਬਟਾਲਾ, ਡੇਰਾ ਬਾਬਾ ਨਾਨਕ, ਕਾਦੀਆਂ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਸਨੀ ਦਿਓਲ ਦੇ ਪੁਤਲੇ ਫੂਕੇ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ, ਜੋ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਧੀਨ ਆਉਂਦਾ ਹੈ, ਦੇ ਕਿਸਾਨ-ਮਜ਼ਦੂਰ ਸੰਗਠਨਾਂ ਵੱਲੋਂ ਐੱਮਪੀ ਸੋਮ ਪ੍ਰਕਾਸ਼ ਵਿਰੁੱਧ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …