Breaking News
Home / ਕੈਨੇਡਾ / ਫੈੱਡਰਲ ਸਰਕਾਰ ਨੇ ਓਨਟਾਰੀਓ ‘ਚ ਕੋਵਿਡ-19 ਦੌਰਾਨ ਹੋਏ ਖਰਚੇ ਵਿਚ 97 ਫੀਸਦੀ ਯੋਗਦਾਨ ਪਾਇਆ

ਫੈੱਡਰਲ ਸਰਕਾਰ ਨੇ ਓਨਟਾਰੀਓ ‘ਚ ਕੋਵਿਡ-19 ਦੌਰਾਨ ਹੋਏ ਖਰਚੇ ਵਿਚ 97 ਫੀਸਦੀ ਯੋਗਦਾਨ ਪਾਇਆ

ਕੈਨੇਡੀਅਨਜ਼ ਦੀ ਸੁਰੱਖਿਆ ਅਤੇ ਸਿਹਤਯਾਬੀ ਲਈ ਫੈੱਡਰਲ ਲਿਬਰਲ ਸਰਕਾਰ ਕੰਮ ਕਰਨਾ ਜਾਰੀ ਰੱਖੇਗੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਫੈੱਡਰਲ ਸਰਕਾਰ ਵੱਲੋਂ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰੀਮੀਅਰਾਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਟੈਸਟਿੰਗ ਵਧਾਉਣ ਵਿਚ ਮਦਦ ਕਰਨ ਲਈ ਵਚਨਬੱਧਤਾ ਨੂੰ ਦੁਹਰਾਇਆ ਗਿਆ ਹੈ – ਕਿਉਂਕਿ ਸਰਕਾਰ ਦੇ ਮੁਤਾਬਕ ਇਹ ਇਕ ਅਜਿਹਾ ਮੁੱਦਾ ਹੈ ਜਿਸ ਨੂੰ ਸਿਰਫ ਇਕੱਠੇ ਹੱਲ ਕੀਤਾ ਜਾ ਸਕਦਾ ਹੈ। ਸਰਕਾਰ ਦੇ ਅੰਕੜਿਆਂ ਮੁਤਾਬਕ, ਕੈਨੇਡਾ ਫੈੱਡਰਲ ਸਰਕਾਰ ਨੇ ਓਨਟਾਰੀਓ ਸੂਬੇ ਵਿਚ ਕੋਵਿਡ-19 ਦੌਰਾਨ ਹੋਏ ਖਰਚੇ ‘ਚ 97 ਫੀਸਦੀ ਯੋਗਦਾਨ ਪਾਇਆ ਹੈ ਭਾਵ ਕਿ ਸੂਬੇ ਵਿਚ ਪ੍ਰਤੀ ਡਾਲਰ ਖਰਚੇ ਪਿੱਛੇ ਕੈਨੇਡਾ ਫੈੱਡਰਲ ਸਰਕਾਰ ਨੇ 97 ਸੈਂਟ ਖਰਚ ਕੀਤੇ ਹਨ। ਜਦਕਿ ਦੇਸ਼ ਭਰ ਵਿਚ ਵਿੱਤੀ ਸਹਾਇਤਾ ਦਾ ਅੰਕੜਾ 87 ਫੀਸਦੀ ਰਿਹਾ ਹੈ।
ਫੈੱਡਰਲ ਸਰਕਾਰ ਵੱਲੋਂ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਸੇਫ ਰੀਸਟਾਰਟ ਸਮਝੌਤੇ ਰਾਹੀਂ 19 ਬਿਲੀਅਨ ਡਾਲਰ ਪ੍ਰਦਾਨ ਕੀਤੇ ਗਏ ਹਨ, ਜਿਸ ਵਿੱਚ ਦੇਸ਼ ਭਰ ਵਿੱਚ ਪ੍ਰਤੀ ਦਿਨ ਦੀ ਟੈਸਟਿੰਗ ਸਮਰੱਥਾ ਵਧਾਉਣ ਲਈ 4.3 ਬਿਲੀਅਨ ਡਾਲਰ ਸ਼ਾਮਲ ਹਨ। ਇਸ ਤੋਂ ਇਲਾਵਾ, ਮਹੀਨਿਆਂ ਤੋਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਪ੍ਰੀਮੀਅਰਾਂ ਨੂੰ ਆਪਣੀ ਟੈਸਟਿੰਗ ਸਮਰੱਥਾ ਨੂੰ ਵਧਾਉਣ ਦੀ ਤਾਕੀਦ ਕਰ ਰਹੇ ਹਨ ਅਤੇ ਇਸ ਵਿਚ ਸਹਾਇਤਾ ਲਈ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨੂੰ ਵਾਧੂ ਫੰਡ, ਸਪਲਾਈ ਅਤੇ ਸਰੋਤਾਂ ਦੀ ਪੇਸ਼ਕਸ਼ ਕਰ ਰਹੇ ਹਨ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ”ਕੋਵਿਡ-19 ਦੇ ਜਵਾਬ ਵਿਚ ਪੂਰੇ ਕੈਨੇਡਾ ਵਿਚ ਖਰਚੇ ਗਏ ਹਰੇਕ 1 ਡਾਲਰ ਲਈ, ਫੈਡਰਲ ਸਰਕਾਰ ਦੁਆਰਾ 87 ਸੈਂਟ ਦੀ ਅਦਾਇਗੀ ਕੀਤੀ ਗਈ ਹੈ ਅਤੇ ਅਸੀਂ ਇਹ ਕਰਨਾ ਜਾਰੀ ਰੱਖਾਂਗੇ ਕਿਉਂਕਿ ਕੈਨੇਡੀਅਨ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਇਹ ਜ਼ਰੂਰੀ ਹੈ।”
”ਕੈਨੇਡੀਅਨਾਂ ਨੂੰ ਬਚਾਉਣ ਅਤੇ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਟੈਸਟਿੰਗ ਅਤੇ ਸੰਪਰਕ ਟਰੇਸਿੰਗ ਹੈ, ਅਤੇ ਸਾਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।”
ਕੈਨੇਡੀਅਨਜ਼ ਦੀ ਸੁਰੱਖਿਆ ਲਈ ਫੈੱਡਰਲ ਸਰਕਾਰ ਵੱਲੋਂ ਸੂਬਿਆਂ ਨੂੰ ਸੇਫ਼ ਰੀਸਟਾਰਟ ਸਮਝੌਤੇ ਤੋਂ ਇਲਾਵਾ ਸਕੂਲਾਂ ਨੂੰ ਮੁੜ ਤੋਂ ਸੁਰੱਖਿਅਤ ਢੰਗ ਨਾਲ ਖੋਲ੍ਹਣ ਲਈ 2 ਡਾਲਰ ਬਿਲੀਅਨ ਦੀ ਫੰਡਿੰਗ ਪ੍ਰਦਾਨ ਕੀਤੀ ਗਈ ਹੈ ਜਦਕਿ ਕੋਵਿਡ-19 ਦੇ ਫੈਲਾਅ ਦੇ ਖਤਰੇ ਤੋਂ ਸਾਵਧਾਨ ਰਹਿਣ ਲਈ ਕੋਵਿਡ-19 ਅਲਰਟ ਮੋਬਾਇਲ ਐਪ ਵੀ ਜਾਰੀ ਕੀਤੀ ਗਈ ਹੈ, ਜਿਸਨੂੰ ਫੋਨ ਵਿਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਐਪ ਚਿਤਾਵਨੀ ਜਾਰੀ ਕਰੇਗੀ ਜੇਕਰ ਕੋਈ ਵਿਅਕਤੀ ਕਿਸੇ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਹ ਅਹਿਤਿਆਤ ਦੇ ਤੌਰ ‘ਤੇ ਡਾਕਟਰੀ ਸਹਾਇਤਾ ਲੈ ਸਕਦਾ ਹੈ।
ਇਸ ਤੋਂ ਇਲਾਵਾ ਸੀਨੀਅਰਜ਼ ਦੀ ਸਹਾਇਤਾ ਲਈ ਵਰਚੂਅਲ ਕੇਅਰ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਗ੍ਰੋਸਰੀ, ਰੋਜ਼ਾਨਾ ਦੇ ਜ਼ਰੂਰੀ ਕੰਮਾਂ, ਮਾਨਸਿਕ ਸਿਹਤ ਅਤੇ ਹੋਰਨਾਂ ਜ਼ਰੂਰੀ ਲੋੜਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਬੱਚਿਆਂ, ਨੌਜਵਾਨਾਂ, ਸੀਨੀਅਰਜ਼, ਕਾਰੋਬਾਰੀਆਂ ਅਤੇ ਮਿਡਲ ਕਲਾਸ ਦੀ ਸਹਾਇਤਾ ਲਈ ਕਈ ਵਿੱਤੀ ਸਹਾਇਤਾ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ, ਜਿਨ੍ਹਾਂ ਵਿਚ ਸੀਈਆਰਬੀ, ਈਆਈ, ਕੈਨੇਡਾ ਐਮਰਜੈਂਸੀ ਵੇਜ ਸਬਸਿਡੀ, ਸੀਈਐੱਸਬੀ, ਸੀਆਰਬੀ, ਸੀਆਰਐੱਸਬੀ, ਸੀਆਰਸੀਬੀ, ਸੀਈਬੀਏ, ਸੀਈਸੀਆਰਏ ਸ਼ਾਮਲ ਹਨ। ਸਿਹਤ ਮੰਤਰੀ ਨੇ ਪੀਲ ਦੇ ਖੇਤਰ ਦਾ ਦੌਰਾ ਕੀਤਾ : ਪਿਛਲੇ ਹਫ਼ਤੇ, ਮਾਨਯੋਗ ਪੈੱਟੀ ਹੈਜ਼ਦੁ ਸਿਹਤ ਮੰਤਰੀ ਨੇ ਸਿਹਤ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਪੀਲ ਦੇ ਖੇਤਰ ਦਾ ਦੌਰਾ ਕੀਤਾ ਤਾਂ ਕਿ ਸਰਕਾਰ ਦੇ ਸਾਰੇ ਪੱਧਰਾਂ ਨਾਲ ਮਿਲ ਕੇ ਕੇਸਾਂ ਦੇ ਤਾਜ਼ਾ ਵਾਧੇ ਨੂੰ ਹੱਲ ਕੀਤਾ ਜਾ ਸਕੇ। ਇਸ ਮੌਕੇ ਸਿਹਤ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਬਰੈਂਪਟਨ ਦੇ ਲੋਕ ਕੁਆਰੰਟੀਨ ਐਕਟ ਦੀ ਉਲੰਘਣਾ ਬਾਰੇ ਸਾਡੇ ਸਥਾਨਕ ਅਧਿਕਾਰੀਆਂ ਅਤੇ ਪੀਲ ਪੁਲਿਸ ਦੀ ਗੈਰ-ਐਮਰਜੈਂਸੀ ਲਾਈਨ ਨੂੰ ਸੂਚਿਤ ਕਰ ਸਕਦੇ ਹਨ।
”ਪੀਲ ਖੇਤਰ ਵਿੱਚ ਕੋਵਿਡ -19 ਦੇ ਕੇਸ ਵਧਣ ਨਾਲ, ਇਹ ਮਹੱਤਵਪੂਰਨ ਹੈ ਕਿ ਅਸੀਂ ਇਸਦੇ ਫੈਲਾਅ ਨੂੰ ਨਿਯੰਤਰਣ ਕਰਨ ਲਈ ਆਪਣਾ ਯੋਗਦਾਨ ਪਾ ਸਕੀਏ। ਸਿਹਤ ਮੰਤਰੀ ਵੱਲੋਂ ਪੀਲ ਖੇਤਰ ਦਾ ਦੌਰਾ ਕੀਤਾ ਗਿਆ ਤਾਂ ਜੋ ਬਰੈਂਪਟਨ ਕਮਿਊਨਟੀ ਦੇ ਸਿਹਤ ਸਬੰਧੀ ਮਸਲਿਆਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ। ਕੋਵਿਡ-19 ਦੇ ਕੇਸਾਂ ਵਿਚ ਹੋ ਰਿਹਾ ਵਾਧਾ ਚਿੰਤਾਜਨਕ ਹੈ ਅਤੇ ਇਸ ਸਮੇਂ ਸਾਨੂੰ ਸਭ ਨੂੰ ਸਿਹਤ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਜ਼ਰੂਰੀ ਹੈ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …