-10.2 C
Toronto
Wednesday, January 28, 2026
spot_img
Homeਕੈਨੇਡਾਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਪਲੀ ਵਲੋਂ ਮਾਪਿਆਂ ਨੂੰ ਬੱਚਿਆਂ ਨੂੰ ਪੰਜਾਬੀ ਕਲਾਸਾਂ...

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ ਪਲੀ ਵਲੋਂ ਮਾਪਿਆਂ ਨੂੰ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ

ਸਰੀ/ਬਿਊਰੋ ਨਿਊਜ਼ : ਇਸ ਵੇਲੇ ਸਰੀ ਬੀ.ਸੀ. ਦਾ ਸਭ ਤੋਂ ਵੱਡਾ ਸਕੂਲ ਜ਼ਿਲ੍ਹਾ ਹੈ। ਇਥੇ 72,000 ਵਿਦਿਆਰਥੀਆਂ ਸਕੂਲਾਂ ਵਿਚ ਦਾਖਲ ਹਨ, ਜਿਨ੍ਹਾਂ ਵਿੱਚੋਂ 15-16,000 ਦੇ ਕਰੀਬ ਬੱਚੇ ਪੰਜਾਬੀ ਵਿਰਸੇ ਦੇ ਹਨ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵੇਲੇ ਸਰੀ ਦੇ ਅੱਠ ਹਾਈ ਸਕੂਲਾਂ ਅਤੇ ਚਾਰ ਐਲੀਮੈਂਟਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਬੱਚਿਆਂ ਲਈ ਪੰਜਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਅੰਗਰੇਜ਼ੀ ਦੇ ਨਾਲ ਇਕ ਦੂਸਰੀ ਭਾਸ਼ਾ ਪੜ੍ਹਨੀ ਲਾਜ਼ਮੀ ਹੈ।
ਇਸ ਸਿਲਸਲੇ ਵਿਚ ਪਿਛਲੇ ਸਾਲ ਅਕਤੂਬਰ ਵਿਚ ਸਰੀ ਸਕੂਲ ਡਿਸਟਰਿਕਟ ਨੇ ਆਪਣੇ ਸਾਰੇ ਐਲੀਮੈਂਟਰੀ ਸਕੂਲਾਂ ਵਿਚ ਇਕ ਸਰਵੇ ਫਾਰਮ ਭੇਜਿਆ ਸੀ ਜਿਸ ਵਿਚ ਦੂਜੀ, ਤੀਜੀ ਅਤੇ ਚੌਥੀ ਜਮਾਤ ਦੇ ਬੱਚਿਆਂ ਦੇ ਮਾਪਿਆਂ ਤੋਂ ਪੁੱਛਿਆ ਗਿਆ ਸੀ ਕਿ ਤੁਸੀਂ ਆਪਣੇ ਬੱਚੇ ਨੂੰ ਕਿਹੜੀ ਦੂਜੀ ਭਾਸ਼ਾ ਪੜ੍ਹਾਉਣੀ ਪਸੰਦ ਕਰੋਗੇ। ਇਸ ਸਰਵੇ ਦੇ ਸਿੱਟੇ ਵਜੋਂ ਖਾਸ ਕਰ ਸਰੀ ਦੇ ਦੋ ਅਲੀਮੈਂਟਰੀ ਸਕੂਲ਼ਾਂ – ਟੀ.ਈ. ਸਕੌਟ (7079-148 ਸਟਰੀਟ) ਅਤੇ ਚਿਮਨੀ ਹਿੱਲ (14755-74 ਐਵੀਨਿਊ) – ਦੇ ਮਾਪਿਆਂ ਵਲੋਂ ਪੰਜਾਬੀ ਪੜ੍ਹਾਉਣ ਲਈ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ।
ਹੁਣ ਫਿਰ ਸਕੂਲ ਬੋਰਡ ਵਲੋਂ ਇਹਨਾਂ ਦੋਹਾਂ ਸਕੂਲਾਂ ਦੇ ਚੌਥੀ ਜਮਾਤ ਦੇ ਬੱਚਿਆਂ ਦੇ ਮਾਪਿਆਂ ਨੂੰ ਇਕ ਹੋਰ ਸਰਵੇ ਫਾਰਮ ਭੇਜਿਆ ਗਿਆ ਹੈ ਜਿਸ ਵਿਚ ਉਹਨਾਂ ਨੂੰ ਫਿਰ ਪੁੱਛਿਆ ਗਿਆ ਹੈ ਕਿ ਕੀ ਉਹ ਆਪਣੇ ਬੱਚੇ ਨੂੰ ਸਤੰਬਰ, 2018 ਤੋਂ ਪੰਜਵੀਂ ਜਮਾਤ ਵਿਚ ਪੰਜਾਬੀ ਭਾਸ਼ਾ ਦੀ ਕਲਾਸ ਵਿਚ ਦਾਖਲ ਕਰਨ ਲਈ ਤਿਆਰ ਹਨ? ਸਾਡੀ ਕਮਿਊਨਿਟੀ ਲਈ ਇਹਨਾਂ ਦੋਵਾਂ ਐਲਿਮੈਂਟਰੀ ਸਕੂਲਾਂ ਵਿਚ ਪੰਜਾਬੀ ਕਲਾਸਾਂ ਸ਼ੁਰੂ ਕਰਵਾਉਣ ਦਾ ਬਹੁਤ ਚੰਗਾ ਮੌਕਾ ਹੈ।
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵਲੋਂ ਮੈਂ ਇਹਨਾਂ ਸਕੂਲਾਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਜਲਦੀ ਹੀ ਇਹ ਫਾਰਮ ਭਰ ਕੇ ਇਸ ਵਿਚ ਪੰਜਾਬੀ ਲਈ ਮਾਰਕਾ ਲਾ ਕੇ ਇਸ ਨੂੰ ਆਪਣੇ ਬੱਚੇ ਦੇ ਸਕੂਲ ਵਿਚ ਪਹੁੰਚਾ ਦਿਉ। ਜੇ ਹਾਲੇ ਤੱਕ ਤੁਹਾਨੂੰ ਇਹ ਫਾਰਮ ਨਹੀਂ ਮਿਲਿਆ ਤਾਂ ਆਪਣੇ ਬੱਚੇ ਦੇ ਸਕੂਲੋਂ ਇਹ ਫਾਰਮ ਲੈ ਲਵੋ ਅਤੇ ਭਰ ਕੇ ਸਕੂਲੇ ਪੁਹੰਚਾ ਦਿਉ। ਹੋਰ ਜਾਣਕਾਰੀ ਲਈ ਮੇਰੇ ਨਾਲ 604-836-8976 ਉਪਰ ਜਾਂ ਸਾਧੂ ਬਿਨਿੰਗ ਨਾਲ 778-773-1886 ਉਪਰ ਸੰਪਰਕ ਕਰ ਸਕਦੇ ਹੋ।

RELATED ARTICLES
POPULAR POSTS